ਦਿੱਲੀ ਕਮੇਟੀ ਤੋਂ ''ਸਿੱਖ ਵਿਦਿਆਰਥੀਆਂ'' ਦਾ ਸਰਟੀਫ਼ਿਕੇਟ ਦੇਣ ਦਾ ਏਕਾਧਿਕਾਰ DU ਨੇ ਖੋਹਿਆ: ਜੀਕੇ

Wednesday, Mar 15, 2023 - 06:00 PM (IST)

ਦਿੱਲੀ ਕਮੇਟੀ ਤੋਂ ''ਸਿੱਖ ਵਿਦਿਆਰਥੀਆਂ'' ਦਾ ਸਰਟੀਫ਼ਿਕੇਟ ਦੇਣ ਦਾ ਏਕਾਧਿਕਾਰ DU ਨੇ ਖੋਹਿਆ: ਜੀਕੇ

ਨਵੀਂ ਦਿੱਲੀ (ਪਰਮਿੰਦਰ ਪਾਲ ਸਿੰਘ)- ਦਿੱਲੀ ਯੂਨੀਵਰਸਿਟੀ ਦੇ 4 ਖ਼ਾਲਸਾ ਕਾਲਜਾਂ 'ਚ ਸਿੱਖ ਵਿਦਿਆਰਥੀਆਂ ਨੂੰ ਦਿੱਲੀ ਕਮੇਟੀ ਵੱਲੋਂ ਦਾਖ਼ਲੇ ਲਈ ਜਾਰੀ ਕੀਤੇ ਜਾਂਦੇ 'ਸਿੱਖ ਘਟਗਿਣਤੀ ਵਿਦਿਆਰਥੀ' ਦਾ ਸਰਟੀਫਿਕੇਟ ਦੇਣ ਦਾ ਏਕਾਧਿਕਾਰ ਦਿੱਲੀ ਯੂਨੀਵਰਸਿਟੀ (DU) ਵੱਲੋਂ ਖੋਹਣ ਦਾ ਮਾਮਲਾ ਭੱਖ ਗਿਆ ਹੈ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਯੂਨੀਵਰਸਿਟੀ ਦੇ ਇਸ ਫ਼ੈਸਲੇ ਦਾ ਡਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਹੈ।

ਜੀਕੇ ਨੇ ਇਸ ਸੰਬੰਧੀ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਕਿਹਾ ਕਿ ਸਾਡੇ ਵੱਲੋਂ ਮੇਰੀ ਪ੍ਰਧਾਨਗੀ ਹੇਠ 2015 'ਚ ਖ਼ਾਲਸਾ ਕਾਲਜਾਂ 'ਚ 50 ਫੀਸਦੀ ਸਿੱਖ ਕੋਟਾ ਕਾਇਮ ਕਰਵਾਇਆ ਗਿਆ ਸੀ। ਉਸ ਵੇਲੇ ਦੀ ਕੇਂਦਰੀ ਮਨੁੱਖੀ ਵਸੀਲੇ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਅਤੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਭਰੋਸੇ 'ਚ ਲੈ ਕੇ ਅਸੀਂ ਇਹ ਵੱਡਾ ਫ਼ੈਸਲਾ ਕਰਵਾਉਣ 'ਚ ਕਾਮਯਾਬ ਹੋਏ ਸੀ। ਜਿਸ ਤੋਂ ਬਾਅਦ ਦਿੱਲੀ ਕਮੇਟੀ ਨੂੰ ਖ਼ਾਲਸਾ ਕਾਲਜਾਂ ਦੀਆਂ ਇਨ੍ਹਾਂ 50 ਫੀਸਦੀ ਰਾਖਵੀਂ ਸੀਟਾਂ 'ਤੇ ਦਾਖਲ ਹੋਣ ਦੀ ਪਾਤਰਤਾ ਨੂੰ ਪੂਰਾ ਕਰਨ ਵਾਲੇ ਸਾਬਤ ਸੂਰਤ ਸਿੱਖ ਬੱਚਿਆਂ ਨੂੰ ਸਰਟੀਫਿਕੇਟ ਜਾਰੀ ਕਰਨ ਦਾ ਏਕਾਧਿਕਾਰ ਮਿਲਿਆ ਸੀ। 

ਹੁਣ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਾਰਨ ਸਿੱਖ ਕੋਟੇ ਦੀਆਂ ਇਨ੍ਹਾਂ ਰਾਖਵੀਂ ਸੀਟਾਂ 'ਤੇ 'ਪਤਿਤ' ਸਿੱਖ ਬੱਚਿਆਂ ਦੇ ਦਾਖਲੇ ਦਾ ਰਾਹ ਖੁੱਲ੍ਹ ਗਿਆ ਹੈ, ਕਿਉਂਕਿ ਦਿੱਲੀ ਯੂਨੀਵਰਸਿਟੀ ਨੇ ਇਸ ਸਰਟੀਫਿਕੇਟ ਨੂੰ ਜਾਰੀ ਕਰਨ ਦੇ ਦਿੱਲੀ ਕਮੇਟੀ ਦੇ ਏਕਾਧਿਕਾਰ ਨੂੰ ਪਰ੍ਹੇ ਸੁੱਟਦੇ ਹੋਏ ਸਾਰੇ ਸਰਕਾਰੀ ਅਦਾਰਿਆਂ ਨੂੰ ਇਹ ਸਰਟੀਫਿਕੇਟ ਜਾਰੀ ਕਰਨ ਦਾ ਅਧਿਕਾਰ ਦੇ ਦਿੱਤਾ ਹੈ। ਇਸ ਗਲਤ ਤੇ ਇਕਤਰਫਾ ਫ਼ੈਸਲੇ ਨੂੰ ਵਾਪਸ ਲੈਣ ਲਈ ਅਸੀਂ ਪੂਰੀ ਤਾਕਤ ਲਾਵਾਂਗੇ।

ਜੀਕੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਗੁਰਬਾਣੀ ਤੇ ਸਿੱਖ ਇਤਿਹਾਸ ਬਾਰੇ ਸਵਾਲਾਂ ਦਾ ਜਵਾਬ ਦੇਣ ਵਾਲੇ ਸਿਰਫ਼ ਸਾਬਤ ਸੂਰਤ ਪਰਿਵਾਰ ਦੇ ਪਗੜੀਧਾਰੀ ਮੁੰਡਿਆਂ ਅਤੇ ਚੁੰਨੀਆਂ ਨਾਲ ਸਿਰ ਢੱਕ ਕੇ ਆਉਣ ਵਾਲੀਆਂ ਸਾਬਤ ਸੂਰਤ ਸਿੱਖ ਕੁੜੀਆਂ ਨੂੰ ਦਿੱਲੀ ਕਮੇਟੀ ਦਫ਼ਤਰ ਤੋਂ ਇਹ ਸਰਟੀਫਿਕੇਟ ਜਾਰੀ ਹੁੰਦੇ ਸਨ ਪਰ ਹੁਣ ਸਿੱਖ ਪਰਿਵਾਰ ਵਿਚ ਜਨਮ ਲੈਣ ਵਾਲਾ ਕੋਈ ਵੀ ਬੱਚਾ ਦਿੱਲੀ ਘਟਗਿਣਤੀ ਕਮਿਸ਼ਨ ਜਾਂ ਕਿਸੇ ਹੋਰ ਸਰਕਾਰੀ ਅਦਾਰੇ ਤੋਂ ਆਪਣੇ ਸਿੱਖ ਹੋਣ ਦਾ ਪ੍ਰਮਾਣ ਲੈ ਸਕਦਾ ਹੈ। 

ਇਹ ਨਿਯਮ ਦਿੱਲੀ ਯੂਨੀਵਰਸਿਟੀ ਨੇ 2023-24 ਵਿਦਿਅਕ ਵਰ੍ਹੇ ਦੇ ਦਾਖਲੇ 'ਤੇ ਲਾਗੂ ਕਰ ਦਿੱਤਾ ਹੈ। ਜਿਸ ਨਾਲ ਟੋਪੀ ਪਾਉਣ ਵਾਲੇ ਕੇਸ ਛਾਂਗਣ ਜਾਂ ਕੁਤਰਨ ਵਾਲੇ ਸਿੱਖ ਬੱਚਿਆਂ ਨੂੰ ਵੀ ਦਾਖਲਾ ਦੇਣ ਤੋਂ ਖਾਲਸਾ ਕਾਲਜ ਇਨਕਾਰ ਨਹੀਂ ਕਰ ਸਕਦੇ। ਇਸ ਕਰਕੇ ਹੁਣ ਤੁਹਾਨੂੰ ਟੋਪੀ ਤੇ ਬੋਦੀ ਵਾਲੇ ਸਿੱਖ ਪਰਿਵਾਰਾਂ ਦੇ ਬੱਚੇ ਖਾਲਸਾ ਕਾਲਜਾਂ ਵਿਚ ਸਿੱਖ ਕੋਟੇ 'ਚ ਨਜ਼ਰ ਆ ਸਕਦੇ ਹਨ। ਜਦਕਿ ਇਸ ਤੋਂ ਪਹਿਲਾਂ ਸਿੱਖ ਕੋਟੇ 'ਚ ਦਾਖਲ ਹੋਣ ਦੇ ਚੱਕਰ ਵਿਚ ਕਿੰਨੇ ਬੱਚੇ ਅਤੇ ਉਨ੍ਹਾਂ ਦੇ ਪਿਤਾ ਵਾਪਸ ਸਿੱਖੀ ਵੱਲ ਆਏ ਸਨ। 


author

Tanu

Content Editor

Related News