DSGMC ਚੋਣਾਂ: ਜਾਣੋ ਕਿਹੜਾ ਉਮੀਦਵਾਰ ਲੜ ਸਕਦੈ ‘ਚੋਣ’ ਤੇ ਕੌਣ ਹੈ ‘ਵੋਟ’ ਪਾਉਣ ਦਾ ਹੱਕਦਾਰ

Sunday, Aug 22, 2021 - 11:33 AM (IST)

DSGMC ਚੋਣਾਂ: ਜਾਣੋ ਕਿਹੜਾ ਉਮੀਦਵਾਰ ਲੜ ਸਕਦੈ ‘ਚੋਣ’ ਤੇ ਕੌਣ ਹੈ ‘ਵੋਟ’ ਪਾਉਣ ਦਾ ਹੱਕਦਾਰ

ਨਵੀਂ ਦਿੱਲੀ— ਦਿੱਲੀ ਸਿੱਖ ਗੁਰੁਦਆਰਾ ਮੈਨੇਜਮੈਂਟ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਚੋਣਾਂ ਅੱਜ ਹੋ ਰਹੀਆਂ ਹਨ। ਵੋਟਿੰਗ ਲਈ ਕੁੱਲ 312 ਉਮੀਦਵਾਰ ਤ੍ਰਿਕੋਣੇ ਮੁਕਾਬਲੇ ’ਚ ਮੈਦਾਨ ਵਿਚ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈਆਂ ਹਨ ਜੋ ਕਿ ਸ਼ਾਮ 5 ਵਜੇ ਤੱਕ ਪੈਣਗੀਆਂ। ਸਖ਼ਤ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ ਵਿਚਕਾਰ ਹੈ। 

ਪੜ੍ਹੋ ਇਹ ਵੀ ਖ਼ਬਰ - DSGMC ਚੋਣਾਂ: ਵੱਡੀ ਗਿਣਤੀ ’ਚ ਵੋਟ ਪਾਉਣ ਪੁੱਜ ਰਹੇ ਲੋਕ, ਬੀਬੀਆਂ ’ਚ ਵੀ ਦਿੱਸਿਆ ਉਤਸ਼ਾਹ

ਕੁੱਲ 312 ਉਮੀਦਵਾਰ ਚੋਣ ਮੈਦਾਨ ’ਚ ਉਤਰੇ ਹਨ—
ਦਿੱਲੀ ਸਿੱਖ ਚੋਣਾਂ ਲਈ ਕੁੱਲ 312 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ। ਚੋਣਾਂ ’ਚ 7 ਧਾਰਮਿਕ ਪਾਰਟੀਆਂ ਮੈਦਾਨ ਵਿਚ ਹਨ। ਇਨ੍ਹਾਂ ’ਚੋਂ ਮੁੱਖ ਰੂਪ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ, ਪੰਥਕ ਲਹਿਰ ਚੋਣਾਂ ਲੜ ਰਹੀ ਹੈ। ਚੋਣਾਂ ਲਈ 546 ਪੋਲਿੰਗ ਬੂਥ ਬਣਾਏ ਗਏ ਹਨ। ਇਸ ਵਾਰ ਕੁੱਲ 3.42 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਕੁੱਲ ਵੋਟਰਾਂ ਵਿਚ 1.71 ਲੱਖ ਪੁਰਸ਼ ਵੋਟਰ ਅਤੇ ਕਰੀਬ 1.71 ਲੱਖ ਮਹਿਲਾ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਚੋਣਾਂ ਦੇ ਨਤੀਜੇ 25 ਅਗਸਤ ਨੂੰ ਐਲਾਨੇ ਜਾਣਗੇ।

ਕੌਣ ਹੋ ਸਕਦਾ ਹੈ ਉਮੀਦਵਾਰ
ਐਕਟ ਮੁਤਾਬਕ ਸਾਬਤ-ਸੂਰਤ ਸਿੱਖ, ਜਿਸ ਦੀ ਉਮਰ ਘੱਟੋ-ਘੱਟ 25 ਸਾਲ ਹੋਵੇ।
ਭਾਰਤ ਦਾ ਨਾਗਰਿਕ ਹੋਵੇ, ਵੋਟਰ ਵਜੋਂ ਨਾਮਜ਼ਦ ਹੋਵੇ।
ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ, ਸ਼ਰਾਬ, ਸਿਗਰਟ ਅਤੇ ਕੋਈ ਨਸ਼ਾ ਨਾ ਕਰਦਾ ਹੋਵੇ।
ਨੈਤਿਕਤਾ ਦੇ ਆਧਾਰ 'ਤੇ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਜਾਂ ਸਰਕਾਰ, ਬੋਰਡ, ਕਮੇਟੀ ਜਾਂ ਕਿਸੇ ਸਥਾਨਕ ਓਥਾਰਟੀ ਵੱਲੋਂ, ਨੈਤਿਕਤਾ ਦੇ ਆਧਾਰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਵਿਅਕਤੀ ਨਹੀਂ ਹੋਣਾ ਚਾਹੀਦਾ।
ਕਿਸੇ ਵੀ ਗੁਰਦੁਆਰੇ ਨੌਕਰੀਪੇਸ਼ਾ ਸੇਵਾਦਾਰ ਨਹੀਂ ਹੋਣਾ ਚਾਹੀਦਾ।
ਗੁਰਮੁਖੀ ਪੜ੍ਹਨੀ, ਲਿਖਣੀ ਜਾਣਦਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਪਾਠ ਕਰਨ ਦੇ ਸਮਰੱਥ ਹੋਵੇ।

ਪੜ੍ਹੋ ਇਹ ਵੀ ਖ਼ਬਰ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ, 3 ਲੱਖ ਤੋਂ ਵੱਧ ਵੋਟਰ ਪਾਉਣਗੇ ਵੋਟ

ਕੌਣ ਪਾ ਸਕਦਾ ਹੈ ਵੋਟ
ਐਕਟ ਮੁਤਾਬਕ, ਸਾਬਤ-ਸੂਰਤ ਸਿੱਖ, ਜਿਸ ਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ, ਉਹ ਵੋਟ ਕਰ ਸਕਦਾ ਹੈ।
6 ਮਹੀਨੇ ਤੋਂ ਵਾਰਡ ਅੰਦਰ ਰਹਿ ਰਿਹਾ ਹੋਵੇ।
ਕੇਸਾਂ ਦੀ ਬੇਅਦਬੀ ਨਾ ਕਰਦਾ ਹੋਵੇ, ਸ਼ਰਾਬ, ਸਿਗਰਟ ਅਤੇ ਕੋਈ ਨਸ਼ਾ ਨਾ ਕਰਦਾ ਹੋਵੇ।

ਨੁਮਾਇੰਦਿਆਂ ਦਾ ਕਾਰਜਕਾਲ ਤੇ ਕੰਮ
ਇਸ ਵਿੱਚ ਦਿੱਲੀ ਦੇ ਸਿੱਖਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਦਾ ਕਾਰਜਕਾਲ 4 ਸਾਲਾਂ ਲਈ ਤੈਅ ਕੀਤਾ ਗਿਆ। ਇਨ੍ਹਾਂ ਦਾ ਮੁੱਖ ਉਦੇਸ਼ ਦਿੱਲੀ ਦੇ 10 ਇਤਿਹਾਸਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਦਾ ਪ੍ਰਬੰਧ ਕਰਨਾ ਹੈ। ਇਹ ਗੁਰਦੁਆਰੇ ਇਸ ਪ੍ਰਕਾਰ ਹਨ:

ਗੁਰਦੁਆਰਾ ਸੀਸ ਗੰਜ ਸਾਹਿਬ
ਗੁਰਦੁਆਰਾ ਬੰਗਲਾ ਸਾਹਿਬ
ਗੁਰਦੁਆਰਾ ਮੋਤੀ ਬਾਗ਼
ਗੁਰਦੁਆਰਾ ਨਾਨਕ ਪਿਆਓ
ਗੁਰਦੁਆਰਾ ਮਜਨੂੰ ਟਿੱਲਾ
ਗੁਰਦੁਆਰਾ ਰਕਾਬ ਗੰਜ
ਗੁਰਦੁਆਰਾ ਬਾਲਾ ਸਾਹਿਬ
ਗੁਰਦੁਆਰਾ ਮਾਤਾ ਸੁੰਦਰੀ ਜੀ
ਗੁਰਦੁਆਰਾ ਦਮਦਮਾ ਸਾਹਿਬ
ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦੁਰ

ਇਸ ਤੋਂ ਇਲਾਵਾ ਦਿੱਲੀ ਕਮੇਟੀ ਉਨ੍ਹਾਂ ਗੁਰਦੁਆਰਿਆਂ ਦੀ ਸਾਂਭ-ਸੰਭਾਲ ਵੀ ਕਰਦੀ ਹੈ, ਜਿਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਕਮੇਟੀ ਨੂੰ ਸੌਂਪਿਆ ਜਾਂਦਾ ਹੈ।

ਪਹਿਲੀ ਵਾਰ 1974 ’ਚ ਹੋਈਆਂ ਸਨ ਚੋਣਾਂ
ਦਿੱਲੀ ਸਰਕਾਰ ਦੇ ਡਾਇਰੈਟੋਰੇਟ ਆਫ ਗੁਰਦੁਆਰਾ ਇਲੈਕਸ਼ਨਜ਼ ਦੀ ਸਥਾਪਨਾ 1974 ’ਚ ਹੋਈ ਸੀ। ਇਸ ਲਈ ਦੇਸ਼ ਦੀ ਸੰਸਦ ’ਚ ਐਕਟ ਪਾਸ ਕੀਤਾ ਗਿਆ, ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਵਜੋਂ ਜਾਣਿਆ ਜਾਣ ਲੱਗਾ। ਇਹ ਐਕਟ ਦਿੱਲੀ ਦੇ ਗੁਰਦੁਆਰੇ ਅਤੇ ਉਨ੍ਹਾਂ ਨਾਲ ਜੁੜੀਆਂ ਜਾਇਦਾਦਾਂ ਦੀ ਸਾਂਭ ਸੰਭਾਲ ਦੇ ਪ੍ਰਬੰਧ ਦੇ ਨਿਯਮ ਤੇ ਦਿਸ਼ਾ ਨਿਰਦੇਸ਼ ਤੈਅ ਕਰਦਾ ਹੈ। ਸ਼ੁਰੂਆਤੀ ਦੌਰ 'ਚ ਇਸ ਲਈ 5 ਮੈਂਬਰ ਬੋਰਡ ਕੰਮ ਕਰਦਾ ਸੀ ਪਰ ਇਸ ਐਕਟ ਦੇ ਅਧੀਨ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਲਈ ਪਹਿਲੀ ਚੋਣ 1974 ’ਚ ਹੋਈ ਸੀ।

ਕਮੇਟੀ ਦੇ ਮੈਂਬਰ
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ 51 ਮੈਂਬਰ ਚੁਣੇ ਜਾਂਦੇ ਹਨ। ਜਿਨ੍ਹਾਂ ’ਚ 46 ਮੈਂਬਰ ਦਿੱਲੀ ਦੀ ਸਿੱਖ ਸੰਗਤ ਵੱਲੋਂ ਚੁਣੇ ਜਾਂਦੇ ਹਨ। ਇਸ ਤੋਂ ਇਲਾਵਾ 5 ਨਾਮਜ਼ਦ ਮੈਂਬਰ ਹੁੰਦੇ ਹਨ, 2 ਕੋ-ਆਪਸ਼ਨ ਰਾਹੀਂ ਚੁਣੇ ਜਾਂਦੇ ਹਨ, ਸਿੰਘ ਸਭਾ ਗੁਰਦੁਆਰਿਆਂ (ਰਜਿਸਟਰਡ) ਦੇ ਪ੍ਰਧਾਨਾਂ ਵਿੱਚੋਂ 2 ਮੈਂਬਰ ਲਾਟਰੀ ਰਾਹੀਂ ਮਨੋਨੀਤ ਕੀਤੇ ਜਾਂਦੇ ਹਨ, ਇੱਕ ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਭੇਜਿਆ ਗਿਆ ਨੁਮਾਇੰਦਾ ਹੁੰਦਾ ਹੈ। 

 

 


author

Tanu

Content Editor

Related News