ਅਵਾਰਾ ਕੁੱਤਿਆਂ ਦੇ ਝੁੰਡਾਂ ਤੋਂ ਲੋਕ ਪਰੇਸ਼ਾਨ, ਨਕੇਲ ਪਾਉਣ ਦੀ ਮੰਗ
Tuesday, Oct 06, 2026 - 02:12 PM (IST)
ਖਰੜ (ਅਮਰਦੀਪ) : ਨਗਰ ਕੌਂਸਲ ਖਰੜ ਵੱਲੋਂ ਅਵਾਰਾ ਕੁੱਤਿਆਂ ਨੂੰ ਫੜ੍ਹਨ ਦੀ ਮੁਹਿੰਮ ਚਲਾਉਣ ਦੇ ਦਾਅਵਿਆਂ ਦੇ ਬਾਵਜੂਦ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਅਤੇ ਬਾਜ਼ਾਰਾਂ 'ਚ ਅਵਾਰਾ ਕੁੱਤਿਆਂ ਦੇ ਝੁੰਡ ਆਮ ਦੇਖਣ ਨੂੰ ਮਿਲ ਰਹੇ ਹਨ। ਇਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸ਼ਹਿਰ ਵਾਸੀਆਂ ਅਨੁਸਾਰ ਸਕੂਲੀ ਬੱਚਿਆਂ ਨੂੰ ਵੀ ਅਵਾਰਾ ਕੁੱਤਿਆਂ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਸਕੂਲ ਬੱਸਾਂ ਤੋਂ ਉਤਰਨ ਸਮੇਂ ਬੱਚਿਆਂ ਦੇ ਪਿੱਛੇ ਕੁੱਤਿਆਂ ਦੇ ਭੱਜਣ ਕਾਰਨ ਹਾਦਸੇ ਦਾ ਖ਼ਤਰਾ ਬਣ ਜਾਂਦਾ ਹੈ। ਨਗਰ ਕੌਂਸਲ ਦੇ ਸਾਬਕਾ ਕੌਂਸਲਰ ਰਾਜਵੀਰ ਸਿੰਘ ਰਾਜੀ ਵੱਲੋਂ ਵੀ ਲੰਬੇ ਸਮੇਂ ਤੋਂ ਅਵਾਰਾ ਕੁੱਤਿਆਂ ਲਈ ਸ਼ੈਲਟਰ ਬਣਾਉਣ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ।
ਭਾਵੇਂ ਕਿ ਨਗਰ ਕੌਂਸਲ ਵੱਲੋਂ ਪਹਿਲਾਂ ਅਵਾਰਾ ਕੁੱਤਿਆਂ ਨੂੰ ਫੜ੍ਹਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਪਰ ਬਾਅਦ ਵਿੱਚ ਇਹ ਮੁਹਿੰਮ ਮੱਠੀ ਪੈ ਗਈ। ਹੁਣ ਮੁੜ ਵੱਖ-ਵੱਖ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਵੱਧਣ ਕਾਰਨ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਇਸ ਮਾਮਲੇ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਤੋਲੇਮਾਜਰੀਆ ਅਮਰੀਕ ਸਿੰਘ ਹੈਪੀ, ਪਰਮਿੰਦਰ ਸਿੰਘ ਸੈਣੀ ਅਤੇ ਮਨੀਸ਼ ਟਾਂਕ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਢੁੱਕਵਾਂ ਹੱਲ ਕਰਦਿਆਂ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਖਰੜ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਅਵਾਰਾ ਕੁੱਤਿਆਂ ਨੂੰ ਫੜ੍ਹਨ ਦੀ ਮੁਹਿੰਮ ਜਾਰੀ ਹੈ।
