ਹਾਕੀ ਖਿਡਾਰੀ ਤੋਂ ਸਿਆਸਤ ਤੱਕ ਦਾ ਸਫ਼ਰ! ਨਵੇਂ ਪ੍ਰਧਾਨ ਬਣੇ ਪਰਗਟ ਸਿੰਘ ਦਾ ਜਾਣੋ ਪਿਛੋਕੜ

Saturday, Oct 03, 2026 - 07:49 PM (IST)

ਹਾਕੀ ਖਿਡਾਰੀ ਤੋਂ ਸਿਆਸਤ ਤੱਕ ਦਾ ਸਫ਼ਰ! ਨਵੇਂ ਪ੍ਰਧਾਨ ਬਣੇ ਪਰਗਟ ਸਿੰਘ ਦਾ ਜਾਣੋ ਪਿਛੋਕੜ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਕਾਂਗਰਸ ਹਾਈਕਮਾਨ ਨੇ ਪਰਗਟ ਸਿੰਘ ਨੂੰ ਬੀਤੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਜਲੰਧਰ ਦੇ ਮਿੱਠਾਪੁਰ ਤੋਂ ਨਿਕਲ ਕੇ ਅੰਤਰਰਾਸ਼ਟਰੀ ਹਾਕੀ 'ਚ ਭਾਰਤ ਦੀ ਕਪਤਾਨੀ ਕਰਨ ਵਾਲੇ ਪਰਗਟ ਸਿੰਘ ਨੇ ਖੇਡ ਤੋਂ ਬਾਅਦ ਰਾਜਨੀਤੀ 'ਚ ਵੀ ਆਪਣੀ ਵੱਖਰੀ ਪਛਾਣ ਬਣਾਈ। ਉਹ ਲਗਾਤਾਰ ਤਿੰਨ ਵਾਰ ਜਲੰਧਰ ਕੈਂਟ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਜਾ ਚੁੱਕੇ ਹਨ। ਕਾਂਗਰਸ ਨੇ ਹੁਣ ਉਨ੍ਹਾਂ ਨੂੰ ਸੂਬਾ ਸੰਗਠਨ ਦੀ ਕਮਾਨ ਸੌਂਪੀ ਹੈ।

ਜਾਣੋ ਪਰਗਟ ਸਿੰਘ ਦਾ ਪਿਛੋਕੜ 

ਪਰਗਟ ਸਿੰਘ ਦਾ ਜਨਮ 5 ਮਾਰਚ 1964 ਨੂੰ ਜਲੰਧਰ ਦੇ ਮਿੱਠਾਪੁਰ 'ਚ ਹੋਇਆ। ਪਰਗਟ ਸਿੰਘ ਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਬੀ. ਏ. ਦੀ ਪੜ੍ਹਾਈ ਕੀਤੀ। ਪਰਗਟ 6 ਸਾਲ ਦੀ ਉਮਰ ਤੋਂ ਹਾਕੀ ਖੇਡਣੀ ਸ਼ੁਰੂ ਕੀਤੀ ਸੀ ਅਤੇ ਭਾਰਤੀ ਟੀਮ 'ਚ ਡਿਫੈਂਡਰ ਦੇ ਰੂਪ 'ਚ ਖੇਡੇ ਸਨ। 

ਇਹ ਵੀ ਪੜ੍ਹੋ: ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ ਪਲਟ ਗਿਆ ਫ਼ੈਸਲਾ

ਤਿੰਨ ਓਲੰਪਿਕ ਖੇਡਾਂ 'ਚ ਭਾਰਤੀ ਹਾਕੀ ਟੀਮ ਦੀ ਕੀਤੀ ਨੁਮਾਇੰਦਗੀ 
ਪਰਗਟ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦੀ ਜੂਹ ਤੋਂ ਉੱਠ ਕੇ ਕੌਮਾਂਤਰੀ ਮੈਦਾਨਾਂ ਵਿਚ ਛਾਏ ਰਹੇ ਹਨ। ਉਨ੍ਹਾਂ ਤਿੰਨ ਓਲੰਪਿਕ ਖੇਡਾਂ 'ਚ ਭਾਰਤੀ ਹਾਕੀ ਟੀਮ ਦੀ ਨੁਮਾਇੰਦੀ ਕੀਤੀ। 1983 'ਚ ਹਾਂਗਕਾਂਗ ਖ਼ਿਲਾਫ਼ ਉਨ੍ਹਾਂ ਦਾ ਅੰਤਰਰਾਸ਼ਟਰੀ ਡੈਬਿਊ ਹੋਇਆ ਸੀ। ਉਹ 1985 ਜੂਨੀਅਰ ਵਿਸ਼ਵ ਕੱਪ 1986 ਅਤੇ 1990 ਵਿਸ਼ਵ ਕੱਪ 'ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। 1990 ਦੇ ਵਿਸ਼ਵ ਕੱਪ ਵਿੱਚ ਉਹ ਭਾਰਤੀ ਟੀਮ ਦੇ ਕਪਤਾਨ ਸਨ।

ਪਰਗਟ ਸਿੰਘ ਨੇ 1988 ਸਿਓਲ, 1992 ਬਾਰਸੀਲੋਨਾ ਅਤੇ 1996 ਅਟਲਾਂਟਾ ਓਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕੀਤੀ। ਬਾਰਸੀਲੋਨਾ ਅਤੇ ਅਟਲਾਂਟਾ ਓਲੰਪਿਕ 'ਚ ਉਨ੍ਹਾਂ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ। 1996 ਤੋਂ ਬਾਅਦ ਉਨ੍ਹਾਂ ਨੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲਿਆ। ਇਸ ਤੋਂ ਬਾਅਦ ਵੀ ਖੇਡ ਨਾਲ ਉਨ੍ਹਾਂ ਦਾ ਜੁੜਾਅ ਬਣਿਆ ਰਿਹਾ। ਉਹ FIH ਐਥਲੀਟ ਪੈਨਲ ਅਤੇ ਰੂਲਜ਼ ਐਡਵਾਈਜ਼ਰੀ ਪੈਨਲ ਨਾਲ ਜੁੜੇ ਰਹੇ ਅਤੇ 1998 'ਚ ਭਾਰਤੀ ਰਾਸ਼ਟਰੀ ਹੌਕੀ ਟੀਮ ਦੇ ਕੋਚ ਵੀ ਬਣੇ।

ਇਹ ਵੀ ਪੜ੍ਹੋ: LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਹਿਮਾਚਲ ਤੋਂ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ

ਅਕਾਲੀ ਦਲ ਦੀ ਟਿਕਟ ਤੋਂ ਸ਼ੁਰੂ ਕੀਤਾ ਪਰਗਟ ਸਿੰਘ ਨੇ ਸਿਆਸੀ ਸਫ਼ਰ 
ਹਾਕੀ ਤੋਂ ਰਾਜਨੀਤੀ ਦਾ ਸਫ਼ਰ ਪਰਗਟ ਸਿੰਘ ਨੇ 2012 'ਚ ਸ਼ੁਰੂ ਕੀਤਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਲੰਧਰ ਕੈਂਟ ਤੋਂ ਵਿਧਾਨ ਸਭਾ ਚੋਣ ਜਿੱਤੀ। ਇਸ ਦੇ ਬਾਅਦ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਨਵੰਬਰ 2016 'ਚ ਕਾਂਗਰਸ 'ਚ ਸ਼ਾਮਲ ਹੋਏ ਅਤੇ 2017 ਦੀ ਚੋਣ ਕਾਂਗਰਸ ਦੀ ਟਿਕਟ 'ਤੇ ਜਿੱਤ ਕੇ ਵਿਧਾਨ ਸਭਾ ਪਹੁੰਚੇ। 2022 'ਚ ਵੀ ਉਨ੍ਹਾਂ ਨੇ ਜਲੰਧਰ ਕੈਂਟ ਸੀਟ ਬਰਕਰਾਰ ਰੱਖੀ। ਇਸ ਤਰ੍ਹਾਂ ਉਹ 2012, 2017 ਅਤੇ 2022 'ਚ ਲਗਾਤਾਰ ਤਿੰਨ ਵਾਰ ਵਿਧਾਇਕ ਚੁਣੇ ਗਏ।

ਚਰਨਜੀਤ ਸਿੰਘ ਚੰਨੀ ਸਰਕਾਰ ਵਿਚ ਸਤੰਬਰ 2021 ਤੋਂ ਮਾਰਚ 2022 ਤੱਕ ਪਰਗਟ ਸਿੰਘ ਪੰਜਾਬ ਦੇ ਕੈਬਨਿਟ ਮੰਤਰੀ ਰਹੇ। ਉਨ੍ਹਾਂ ਨੂੰ ਸਕੂਲ ਸਿੱਖਿਆ, ਉੱਚ ਸਿੱਖਿਆ, ਖੇਡਾਂ ਅਤੇ ਯੂਥ ਸੇਵਾਵਾਂ ਅਤੇ ਐੱਨ. ਆਰ. ਆਈ. ਮਾਮਲਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਉਹ ਕਾਂਗਰਸ ਸੰਗਠਨ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ ਅਤੇ ਨਵਜੋਤ ਸਿੰਘ ਸਿੱਧੂ ਦੇ ਸੂਬਾ ਕਾਂਗਰਸ ਪ੍ਰਧਾਨ ਰਹਿੰਦਿਆਂ ਜਨਰਲ ਸਕੱਤਰ (ਸੰਗਠਨ) ਰਹੇ।

ਮਿਲ ਚੁੱਕੇ ਹਨ ਐਵਾਰਡ
ਖੇਡਾਂ ਦੌਰਾਨ ਪਰਗਟ ਸਿੰਘ ਦੇ ਅਹਿਮ ਯੋਗਦਾਨ ਲਈ ਉਨ੍ਹਾਂ ਨੂੰ 1989 'ਚ ਅਰਜੁਨ ਪੁਰਸਕਾਰ, 1998 'ਚ ਪਦਮ ਸ਼੍ਰੀ ਅਤੇ 2005 'ਚ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਮਿਲਿਆ। ਪੰਜਾਬ 'ਚ ਉਹ ਖੇਡ ਡਾਇਰੈਕਟਰ ਵੀ ਰਹੇ।

ਇਹ ਵੀ ਪੜ੍ਹੋ: 'ਮੇਰੀ ਰਾਤ ਦੀ ਡਿਊਟੀ ਲੱਗੀ ਸੀ...' ਸ਼ਰਾਬ ਦੇ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ, ਵੀਡੀਓ ਵਾਇਰਲ

ਜੱਟ ਸਿੱਖ ਭਾਈਚਾਰੇ ਨੂੰ ਲੁਭਾਉਣ ਦੀਆਂ ਤਿਆਰੀਆਂ
ਇਥੇ ਇਹ ਵੀ ਦੱਸਣਯੋਗ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਪਾਰਟੀ ਜੱਟ ਸਿੱਖ ਭਾਈਚਾਰੇ ਨੂੰ ਲੁਭਾਉਣ ਦੀਆਂ ਤਿਆਰੀਆਂ ਵਿਚ ਹੈ। ਪਰਗਟ ਸਿੰਘ ਜੱਟ ਸਿੱਖ ਭਾਈਚਾਰੇ ਨਾਲ ਸਬੰਧਤ ਹਨ, ਜੋਕਿ ਪੰਜਾਬ ਦੀ ਆਬਾਦੀ ਦਾ ਲਗਭਗ 25 ਫ਼ੀਸਦੀ ਹਿੱਸਾ ਬਣਦਾ ਹੈ ਅਤੇ ਵਿਧਾਨ ਸਭਾ ਚੋਣਾਂ 'ਚ ਮੁੱਖ ਭੂਮਿਕਾ ਨਿਭਾਉਂਦਾ ਹੈ। ਕਿਉਂਕਿ ਪਰਗਟ ਸਿੰਘ ਖ਼ੁਦ ਇਸ ਭਾਈਚਾਰੇ ਤੋਂ ਆਉਂਦੇ ਹਨ, ਇਸ ਲਈ ਉਹ ਆਪਣੇ ਭਾਈਚਾਰੇ ਦੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਸਕਦੇ ਹਨ, ਜੋਕਿ ਇਸ ਸਮੇਂ ਕਾਂਗਰਸ ਪਾਰਟੀ ਲਈ ਬਹੁਤ ਮਹੱਤਵਪੂਰਨ ਹੈ।

ਪਰਗਟ ਸਿੰਘ ਨੇ ਬਣਾਈ ਆਪਣੀ ਸੀਟ 'ਤੇ ਮਜ਼ਬੂਤ ਪਕੜ
ਜਲੰਧਰ ਕੈਂਟ ਹਲਕਾ ਵਿਚ ਪਰਗਟ ਸਿੰਘ ਨੂੰ ਇਕ ਮਜ਼ਬੂਤ ​​ਨੇਤਾ ਵਜੋਂ ਜਾਣਿਆ ਜਾਂਦਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਜਿੱਤ ਮਿਲੀ ਸੀ ਤਾਂ ਵੀ ਉਨ੍ਹਾਂ ਨੇ ਕਾਂਗਰਸ ਲਈ ਆਪਣੀ ਜਲੰਧਰ ਕੈਂਟ ਸੀਟ ਬਰਕਰਾਰ ਰੱਖੀ। ਉਨ੍ਹਾਂ ਨੇ ਆਪਣੇ ਸਾਥੀ ਸਾਬਕਾ ਹਾਕੀ ਅੰਤਰਰਾਸ਼ਟਰੀ ਸੁਰਿੰਦਰ ਸਿੰਘ ਸੋਢੀ ਨੂੰ ਲਗਭਗ 5,800 ਵੋਟਾਂ ਨਾਲ ਹਰਾਇਆ ਸੀ। ਪਰਗਟ ਸਿੰਘ ਨੇ ਆਪਣੀ ਸੀਟ 'ਤੇ ਇਕ ਮਜ਼ਬੂਤ ਪਕੜ ਬਣਾਈ ਹੋਈ ਹੈ। 

ਪਰਗਟ ਸਿੰਘ ਦੇ ਸਾਹਮਣੇ ਕਈ ਚੁਣੌਤੀਆਂ
ਕਾਂਗਰਸ ਨੇ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਕੇ ਉਨ੍ਹਾਂ ਦੀ ਸਿਆਸੀ ਪਾਰੀ ਨੂੰ ਨਵਾਂ ਵਿਸਥਾਰ ਦਿੱਤਾ ਹੈ। ਅਜਿਹੇ ਸਮੇਂ 'ਚ ਜਦੋਂ ਪੰਜਾਬ ਕਾਂਗਰਸ ਨੂੰ ਸੰਗਠਨਾਤਮਕ ਪੱਧਰ 'ਤੇ ਇਕਜੁੱਟ ਕਰਨ ਅਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਨੂੰ ਰਫ਼ਤਾਰ ਦੇਣ ਦੀ ਚੁਣੌਤੀ ਹੈ, ਪਰਗਟ ਸਿੰਘ ਦੇ ਸਾਹਮਣੇ ਖੇਡ ਦੇ ਮੈਦਾਨ ਤੋਂ ਬਾਅਦ ਹੁਣ ਪਾਰਟੀ ਸੰਗਠਨ ਨੂੰ ਸੰਭਾਲਣ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 8 ਅਕਤੂਬਰ ਤੱਕ ਨਵੀਂ ਅਪਡੇਟ ਜਾਰੀ! ਜਾਣੋ ਅਗਲੇ ਦਿਨਾਂ ਦਾ ਹਾਲ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News