ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ, ਮੀਂਹ ਬਾਰੇ ਜਾਣੋ ਅਗਲੀ ਅਪਡੇਟ
Saturday, Oct 03, 2026 - 06:20 PM (IST)
ਚੰਡੀਗੜ੍ਹ- ਪੰਜਾਬ 'ਚ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਸਵੇਰੇ ਤੇ ਸ਼ਾਮ ਦੇ ਸਮੇਂ ਠੰਡ ਮਹਿਸੂਸ ਹੋਣ ਲੱਗੀ ਹੈ, ਖਾਸ ਕਰਕੇ ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ ਜਿਵੇਂ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ 'ਚ ਦਿਨ ਦਾ ਤਾਪਮਾਨ ਹੌਲੀ-ਹੌਲੀ ਵਧ ਸਕਦਾ ਹੈ, ਪਰ ਸਵੇਰ ਅਤੇ ਰਾਤ ਨੂੰ ਮੌਸਮ ਠੰਡਾ ਹੀ ਰਹੇਗਾ। 3 ਅਕਤੂਬਰ ਤੋਂ 9 ਅਕਤੂਬਰ ਤੱਕ ਸੂਬੇ 'ਚ ਖੁਸ਼ਕ ਮੌਸਮ ਰਹਿਣ ਦੀ ਉਮੀਦ ਹੈ ਤੇ ਇਸ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਮੌਸਮ ਵਿਭਾਗ ਨੇ 3 ਤੋਂ 9 ਅਕਤੂਬਰ ਦੀ ਮਿਆਦ ਲਈ ਪੰਜਾਬ ਅਤੇ ਚੰਡੀਗੜ੍ਹ ਵਾਸਤੇ ਮੌਸਮ ਸਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਹਾਲਾਂਕਿ 7-8 ਅਕਤੂਬਰ ਦੇ ਆਸ-ਪਾਸ ਮੌਸਮੀ ਪ੍ਰਣਾਲੀ ਕਾਰਨ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ, ਪਰ ਇਸਨੂੰ ਅਜੇ ਪੱਕੀ ਭਵਿੱਖਬਾਣੀ ਨਹੀਂ ਮੰਨਿਆ ਜਾ ਸਕਦਾ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 3.3 ਡਿਗਰੀ ਵਧਿਆ ਹੈ। ਹਾਲਾਂਕਿ, ਵੱਧ ਤੋਂ ਵੱਧ ਤਾਪਮਾਨ ਅਜੇ ਵੀ ਆਮ ਨਾਲੋਂ 1.9 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 34 ਡਿਗਰੀ ਦਰਜ ਕੀਤਾ ਗਿਆ।
