DSGMC ਨੇ ਬਾਲਾ ਸਾਹਿਬ ਹਸਪਤਾਲ ਦੀ ਕਾਰ ਸੇਵਾ ਲਈ ਕਰੀਬ 4 ਕਿਲੋ ਸੋਨਾ ਕੀਤਾ ਭੇਟ

10/16/2019 6:31:42 PM

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਦਿਨ ਬਾਲਾ ਸਾਹਿਬ ਹਸਪਤਾਲ ਦੀ 'ਕਾਰ ਸੇਵਾ' ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ 550 ਬੈੱਡ ਵਾਲਾ ਹਸਪਤਾਲ ਤਿਆਰ ਕੀਤਾ ਜਾਵੇਗਾ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਫੇਸਬੁੱਕ ਪੇਜ਼ 'ਤੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਾਲੇ ਦਿਨ ਬਾਲਾ ਸਾਹਿਬ ਹਸਪਤਾਲ ਦੀ ਕਾਰ ਸੇਵਾ ਲਈ ਅਰਦਾਸ ਕੀਤੀ ਜਾਵੇਗੀ। 17 ਨਵੰਬਰ ਨੂੰ ਬਾਬਾ ਬਚਨ ਸਿੰਘ ਜੀ ਵਲੋਂ ਹਸਪਤਾਲ ਦੀ ਕਾਰ ਸੇਵਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ਦੇ ਸ਼ੁਰੂ ਹੋਣ ਨਾਲ ਗਰੀਬਾਂ ਨੂੰ ਮੁਫ਼ਤ ਇਲਾਜ ਅਤੇ ਦਵਾਈਆਂ ਦੀ ਸਹੂਲਤ ਮਿਲੇਗੀ। ਸਿਰਸਾ ਨੇ ਕਿਹਾ ਇਹ ਹਸਪਤਾਲ ਸ਼ੁਰੂ ਕਰਨਾ ਦਿੱਲੀ ਸੰਗਤਾਂ ਦਾ ਸੁਪਨਾ ਸੀ। ਕਈ ਕਮੇਟੀਆਂ ਆਈਆਂ ਅਤੇ ਗਈਆਂ ਪਰ ਇਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ਹਸਪਤਾਲ ਨੂੰ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ, ਜੋ ਨਿਭਾਇਆ ਹੈ।

ਸਿਰਸਾ ਨੇ ਦੱਸਿਆ ਕਿ ਹਸਪਤਾਲ ਦੀ ਸੇਵਾ ਬਾਬਾ ਬਚਨ ਸਿੰਘ ਜੀ ਵਲੋਂ ਕੀਤੀ ਜਾਵੇਗੀ ਅਤੇ ਦਿੱਲੀ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਲਕੀ ਸਾਹਿਬ ਤਿਆਰ ਕਰਨ ਲਈ ਜੋ ਸੋਨਾ ਭੇਟ ਕੀਤਾ ਸੀ, ਉਹ 4 ਕਿਲੋ ਸੋਨਾ ਬਾਬਾ ਬਚਨ ਸਿੰਘ ਜੀ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੋਨਾ ਹਸਪਤਾਲ ਦੀ ਕਾਰ ਸੇਵਾ ਲਈ ਵੀ ਇਸਤੇਮਾਲ 'ਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਦੁਨੀਆ ਭਰ ਦੀ ਸੰਗਤ ਤੋਂ ਅਪੀਲ ਕੀਤੀ ਕਿ ਇਸ ਹਸਪਤਾਲ ਲਈ ਬਾਬਾ ਬਚਨ ਸਿੰਘ ਨੂੰ ਭਰਪੂਰ ਸਹਿਯੋਗ ਦਿੱਤਾ ਜਾਵੇ।


DIsha

Content Editor

Related News