ਸਿਰਸਾ ''ਚ ਵੱਡੀ ਕਾਰਵਾਈ, ਦੇਸ਼ ਦਾ ਸਭ ਤੋਂ ਵੱਡਾ ਨਸ਼ਾ ਤਸਕਰ ''ਚੀਤਾ'' ਗ੍ਰਿਫਤਾਰ
Saturday, May 09, 2020 - 08:28 PM (IST)
ਚੰਡੀਗੜ੍ਹ : ਹਰਿਆਣਾ ਦੇ ਸਿਰਸਾ ਤੋਂ ਸ਼ਨੀਵਾਰ ਨੂੰ ਵੱਡੇ ਤੇ ਖਤਰਨਾਕ ਸਮੱਗਲਰ ਰਣਜੀਤ ਰਾਣਾ ਅਤੇ ਉਸ ਦੇ ਭਰਾ ਨੂੰ ਬੇਗੂ ਪਿੰਡ ਤੋਂ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਟਵੀਟ ਕਰਕੇ ਦਿੱਤੀ ਗਈ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਸਾਲ ਤੋਂ ਹੀ ਅੰਮ੍ਰਿਤਸਰ ਰਾਹੀਂ ਪਾਕਿਸਤਾਨ ਤੋਂ 6 ਪਹਾੜੀ ਲੂਣ ਦੀਆਂ ਖੇਪਾਂ ਲਿਆਉਣ ਦੇ ਬਹਾਨੇ ਭਾਰਤ 'ਚ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ।
ਦੱਸਣਯੋਗ ਹੈ ਕਿ 28 ਜੂਨ, 2019 ਨੂੰ ਅਟਾਰੀ ਤੋਂ ਮਿਲੀ 532 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਚੀਤਾ ਪੁਲਸ ਨੂੰ ਲੋੜੀਂਦਾ ਸੀ। ਸੂਤਰਾਂ ਮੁਤਾਬਕ ਇਨ੍ਹਾਂ ਨਸ਼ਾ ਤਸਕਰਾਂ ਦੇ ਅੱਤਵਾਦੀ ਸੰਗਠਨ ਹਿਜਬੁੱਲ ਮੁਜਾਹੁਦੀਨ ਨਾਲ ਵੀ ਸਬੰਧ ਹੋ ਸਕਦੇ ਹਨ। ਪੁਲਸ ਪੁੱਛਗਿੱਛ ਦੌਰਾਨ ਇਸ ਸਬੰਧੀ ਵੱਡਾ ਖੁਲਾਸਾ ਹੋ ਸਕਦਾ ਹੈ। ਦੱਸਣਯੋਗ ਹੈ ਕਿ ਹਿਜਬੁੱਲ ਅੱਤਵਾਦੀ ਹਿਲਾਲ ਅਹਿਮਦ ਵਾਗੇ ਦੇ ਦੋ ਹੋਰ ਸਾਥੀਆਂ ਜਸਵੰਤ ਸਿੰਘ ਅਤੇ ਰਣਜੀਤ ਸਿੰਘ ਨੂੰ ਥਾਣਾ ਸਦਰ ਪੁਲਸ ਨੇ ਸ਼ੁੱਕਰਵਾਰ ਦੁਪਿਹਰ ਗੁਰਦਾਸਪੁਰ ਤੋਂ ਗ੍ਰਿਫਤਾਰ ਕੀਤਾ ਸੀ। ਦੋਹਾਂ ਦੋਸ਼ੀਆਂ ਦੇ ਮੋਬਾਇਲ ਨੰਬਰ ਹਿਲਾਲ ਅਤੇ ਇਸ ਤੋਂ ਪਹਿਲਾਂ ਫੜ੍ਹੇ ਗਏ ਵਿਕਰਮ ਸਿੰਘ ਉਰਫ ਵਿੱਕੀ ਅਤੇ ਮਨਿੰਦਰ ਸਿੰਘ ਉਰਫ ਮਨੀ ਦੇ ਮੋਬਾਇਲ ਤੋਂ ਮਿਲੇ ਸਨ।