ਨਸ਼ੀਲੇ ਪਦਾਰਥ ਤਸਕਰੀ ਮਾਮਲੇ ਦਾ ਦੋਸ਼ੀ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਗ੍ਰਿਫ਼ਤਾਰ

04/02/2023 3:01:07 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਨਸ਼ੀਲੇ ਪਦਾਰਥ ਤਸਕਰੀ ਮਾਮਲੇ 'ਚ ਦੋਸ਼ੀ ਵਿਅਕਤੀ ਨੂੰ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਪੱਛਮੀ ਬੰਗਾਲ ਦੇ ਕੂਚਬਿਹਾਰ ਜ਼ਿਲ੍ਹੇ ਦੇ ਇਕ ਪਿੰਡ ਦਾ ਰਹਿਣ ਵਾਲਾ ਜ਼ਾਫਰ ਅਲੀ (45) ਗ੍ਰਿਫ਼ਤਾਰੀ ਤੋਂ ਬਚਣ ਲਈ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਪਰਾਧ ਸ਼ਾਖਾ ਵਲੋਂ ਦਰਜ ਨਸ਼ੀਲੇ ਪਦਾਰਥ ਦੇ ਇਕ ਮਾਮਲੇ 'ਚ ਅਲੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਅਪਰਾਧ ਸ਼ਾਖਾ ਦੀ ਇਕ ਟੀਮ ਨੇ 2010 'ਚ ਉੱਤਰੀ ਦਿੱਲੀ ਦੇ ਬੁਰਾੜੀ 'ਚ ਅਲੀ ਅਤੇ ਉਸ ਦੇ ਸਹਿਯੋਗੀਆਂ ਕੋਲੋਂ 142 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਸੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਸ ਤੋਂ ਬਾਅਦ ਨਸ਼ੀਲੇ ਪਦਾਰਥ ਸੰਬੰਧੀ ਐੱਨ.ਡੀ.ਪੀ.ਐੱਸ. ਕਾਨੂੰਨ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ ਇਕ ਅਦਾਲਤ ਨੇ ਅਲੀ ਨੂੰ 15 ਸਾਲ ਕੈਦ ਦੀ ਸਜ਼ਾ ਸੁਣਾਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 2020 'ਚ, ਅਲੀ ਨੂੰ ਐਮਰਜੈਂਸੀ ਪੈਰੋਲ ਦਿੱਤੀ ਗਈ ਸੀ, ਜਿਸ ਨੂੰ ਸਮੇਂ-ਸਮੇਂ 'ਤੇ 27 ਫਰਵਰੀ 2021 ਤੱਕ ਵਧਾਇਆ ਗਿਆ ਸੀ ਪਰ ਇਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉਸ ਨੇ ਆਤਮਸਮਰਪਣ ਨਹੀਂ ਕੀਤਾ ਅਤੇ ਫਰਾਰ ਹੋ ਗਿਆ। ਵਿਸ਼ੇਸ਼ ਸੈੱਲ ਦੇ ਵਿਸ਼ੇਸ਼ ਪੁਲਸ ਕਮਿਸ਼ਨਰ ਰਵਿੰਦਰ ਯਾਦਵ ਨੇ ਕਿਹਾ ਕਿ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਅਪਰਾਧ ਸ਼ਾਖਾ ਦੀ ਟੀਮ ਅਲੀ ਨੂੰ ਗ੍ਰਿਫ਼ਤਾਰ ਕਰਨ ਲਈ ਕੂਚਬਿਹਾਰ ਦੇ ਦਿਨਹਾਟਾ ਦੇ ਸਾਹਿਬਗੰਜ ਗਈ। ਪੁਲਸ ਦੀ ਮੌਜੂਦਗੀ ਦਾ ਸ਼ੱਕ ਹੁੰਦੇ ਹੀ ਉਹ ਦੌੜ ਗਿਆ ਅਤੇ ਉਸ ਦੀ ਯੋਜਨਾ ਭਾਰਤ-ਬੰਗਲਾਦੇਸ਼ ਸਰਹੱਦ ਪਾਰ ਕਰਨ ਦੀ ਸੀ ਪਰ ਉਸ ਨੂੰ ਦਿਨਹਾਟਾ ਦੇ ਕੁਸ਼ੇਰਹਾਟ ਤੋਂ ਗ੍ਰਿਫ਼ਤਾਰ ਕਰ ਲਿਆ, ਜੋ ਸਰਹੱਦ ਤੋਂ ਕਰੀਬ 500 ਮੀਟਰ ਦੂਰ ਹੈ।


DIsha

Content Editor

Related News