DRI ਨੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਜ਼ਬਤ ਕੀਤਾ 65.46 ਕਿਲੋਗ੍ਰਾਮ ਸੋਨਾ
Wednesday, Sep 21, 2022 - 05:48 PM (IST)
ਨਵੀਂ ਦਿੱਲੀ (ਵਾਰਤਾ)- ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ 33.40 ਕਰੋੜ ਰੁਪਏ ਮੁੱਲ ਦਾ 65.46 ਕਿਲੋ ਸੋਨਾ ਜ਼ਬਤ ਕੀਤਾ ਹੈ। ਵਿੱਤ ਮੰਤਰਾਲਾ ਨੇ ਅੱਜ ਯਾਨੀ ਬੁੱਧਵਾਰ ਨੂੰ ਇੱਥੇ ਦੱਸਿਆ ਕਿ 394 ਵਿਦੇਸ਼ੀ ਸੋਨੇ ਦੀਆਂ ਛੜਾਂ ਜ਼ਬਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਤਸਕਰੀ ਗੁਆਂਢੀ ਉੱਤਰ-ਪੂਰਬੀ ਦੇਸ਼ਾਂ ਤੋਂ ਕੀਤੀ ਜਾ ਰਹੀ ਸੀ। ਖੁਫੀਆ ਜਾਣਕਾਰੀ ਮਿਲੀ ਸੀ ਕਿ ਇਕ ਸਿੰਡੀਕੇਟ ਮਿਜ਼ੋਰਮ ਤੋਂ ਵਿਦੇਸ਼ਾਂ ਤੋਂ ਸੋਨੇ ਦੀ ਤਸਕਰੀ ਕਰਨ ਦੀ ਸਰਗਰਮੀ ਨਾਲ ਯੋਜਨਾ ਬਣਾ ਰਿਹਾ ਹੈ ਜਿਸ ਲਈ ਉਹ ਸਪਲਾਈ ਚੇਨ ਦੀ ਘਰੇਲੂ ਕੋਰੀਅਰ ਖੇਪ ਅਤੇ ਲੌਜਿਸਟਿਕ ਕੰਪਨੀ (ਜਿਸ ਨੂੰ ਅੱਗੇ ਲੌਜਿਸਟਿਕ ਕੰਪਨੀ ਕਿਹਾ ਗਿਆ ਹੈ) ਦੀ ਵਰਤੋਂ ਕਰਨ ਜਾ ਰਿਹਾ ਹੈ। ਇਸ ਗੈਰ-ਕਾਨੂੰਨੀ ਖੇਪ ਨੂੰ ਫੜਨ ਲਈ ਡੀ.ਆਰ.ਆਈ. ਵੱਲੋਂ 'ਓਪ ਗੋਲਡ ਰਸ਼' ਸ਼ੁਰੂ ਕੀਤੀ ਗਈ ਸੀ ਅਤੇ ਮੁੰਬਈ ਜਾ ਰਹੀ ਇਹ ਖਾਸ ਖੇਪ ਫੜੀ ਗਈ ਸੀ, ਜਿਸ ਨੂੰ 'ਪਰਸਨਲ ਗੁਡਜ਼' ਐਲਾਨਿਆ ਗਿਆ ਸੀ।
19 ਸਤੰਬਰ ਨੂੰ ਭਿਵੰਡੀ (ਮਹਾਰਾਸ਼ਟਰ) 'ਚ ਇਸ ਖੇਪ ਦੀ ਜਾਂਚ 'ਚ ਲਗਭਗ 19.93 ਕਿਲੋਗ੍ਰਾਮ ਭਾਰ ਅਤੇ 10.18 ਕਰੋੜ ਦੇ ਵਿਦੇਸ਼ੀ ਸੋਨੇ ਦੇ 120 ਬਿਸਕੁਟ ਬਰਾਮਦ ਕੀਤੇ ਗਏ। ਜਾਂਚ ਤੋਂ ਪਤਾ ਲੱਗਾ ਕਿ ਅਜਿਹੇ 'ਚ 2 ਹੋਰ ਕੰਸਾਈਨਮੈਂਚ ਮੁੰਬਈ ਜਾ ਰਹੇ ਹਨ, ਜਿਨ੍ਹਾਂ ਨੂੰ ਇਕ ਹੀ ਕੰਸਾਈਨਰ ਵਲੋਂ ਇਕ ਹੀ ਜਗ੍ਹਾ ਤੋਂ ਇਕ ਹੀ ਇਸਾਨ ਨੂੰ ਭੇਜਿਆ ਗਿਆ ਹੈ ਅਤੇ ਇਸ ਨੂੰ ਉਸੇ ਲਾਜਿਸਟਿਕਸ ਕੰਪਨੀ ਦੇ ਮਾਧਿਅਮ ਨਾਲ ਭੇਜਿਆ ਜਾ ਰਿਾਹ ਹੈ। ਫਿਰ ਇਨ੍ਹਾਂ ਕੰਸਾਈਨਮੈਂਟ ਦੇ ਸਥਾਨ ਦਾ ਪਤਾ ਲਗਾਇਆ ਗਿਆ। ਦੂਜੀ ਖੇਪ ਬਿਹਾਰ ਦੀ ਸੀ ਅਤੇ ਉਸ ਨੂੰ ਉੱਥੇ ਹੀ ਫੜਿਆ ਗਿਆ ਸੀ। ਉਸ ਲੌਜਿਸਟਿਕ ਕੰਪਨੀ ਦੇ ਗੋਦਾਮ ਦੀ ਚੈਕਿੰਗ ਕਰਨ 'ਤੇ ਸੋਨੇ ਦੀਆਂ 172 ਛੜਾਂ ਬਰਾਮਦ ਹੋਈਆਂ, ਜਿਨ੍ਹਾਂ ਦਾ ਭਾਰ ਲਗਭਗ 28.57 ਕਿਲੋਗ੍ਰਾਮ ਸੀ ਅਤੇ ਜਿਨ੍ਹਾਂ ਦੀ ਕੀਮਤ ਲਗਭਗ 14.50 ਕਰੋੜ ਰੁਪਏ ਸੀ।
ਇਸੇ ਤਰ੍ਹਾਂ, ਤੀਜੀ ਖੇਪ ਉਸ ਲੌਜਿਸਟਿਕਸ ਕੰਪਨੀ ਦੇ ਦਿੱਲੀ ਹੱਬ ਵਿਖੇ ਫੜੀ ਗਈ ਅਤੇ ਜਾਂਚ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਲਗਭਗ 16.96 ਕਿਲੋਗ੍ਰਾਮ ਭਾਰ ਦੀਆਂ 102 ਸੋਨੇ ਦੀਆਂ ਛੜਾਂ ਬਰਾਮਦ ਹੋਈਆਂ ਅਤੇ ਜਿਨ੍ਹਾਂ ਦੀ ਕੀਮਤ ਲਗਭਗ 8.69 ਕਰੋੜ ਰੁਪਏ ਹੈ। ਇਨ੍ਹਾਂ ਜ਼ਬਤੀਆਂ ਦੀ ਲੜੀ ਨਾਲ ਦੇਸ਼ ਦੇ ਉੱਤਰ-ਪੂਰਬੀ ਹਿੱਸੇ ਤੋਂ ਲੌਜਿਸਟਿਕ ਕੰਪਨੀ ਦੇ ਘਰੇਲੂ ਕੋਰੀਅਰ ਮਾਰਗ ਰਾਹੀਂ ਭਾਰਤ 'ਚ ਵਿਦੇਸ਼ੀ ਮੂਲ ਦੇ ਸੋਨੇ ਦੀ ਤਸਕਰੀ ਦੇ ਨਵੇਂ ਤਰੀਕਿਆਂ ਦਾ ਪਤਾ ਲਗਾਉਣ 'ਚ ਮਦਦ ਮਿਲੀ ਹੈ। ਇਸ ਤਰ੍ਹਾਂ ਦੀ ਬਰਾਮਦਗੀ ਨੇ ਤਸਕਰੀ ਦੇ ਵਿਲੱਖਣ ਅਤੇ ਆਧੁਨਿਕ ਤਰੀਕਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਡੀ.ਆਰ.ਆਈ. ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕੀਤਾ ਹੈ। ਕਈ ਸ਼ਹਿਰਾਂ 'ਚ ਹੋਏ ਆਪਰੇਸ਼ਨਾਂ 'ਚ ਕੁੱਲ 394 ਵਿਦੇਸ਼ੀ ਮੂਲ ਦੀਆਂ ਸੋਨੇ ਦੀਆਂ ਛੜਾਂ ਬਰਾਮਦ ਅਤੇ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਭਾਰ ਲਗਭਗ 65.46 ਕਿਲੋਗ੍ਰਾਮ ਹੈ ਅਤੇ ਜਿਸ ਦੀ ਕੀਮਤ ਲਗਭਗ 33.40 ਕਰੋੜ ਰੁਪਏ ਹੈ।