DRDO ਅਤੇ IIT ਦਿੱਲੀ ਨੇ ਵਿਕਸਤ ਕੀਤੀ ਸਵਦੇਸ਼ੀ ਬੁਲੇਟਪਰੂਫ ਜੈਕੇਟ
Thursday, Dec 19, 2024 - 11:47 PM (IST)

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਅਤੇ ਆਈ. ਆਈ. ਟੀ. ਦਿੱਲੀ ਦੇ ਇੰਡਸਟਰੀ ਅਕੈਡਮੀਆ ਸੈਂਟਰ ਨੇ ਅਤਿਆਧੁਨਿਕ ਰੱਖਿਆ ਤਕਨਾਲੋਜੀਆਂ ਦੇ ਤਬਾਦਲੇ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਹਾਜ਼ਰੀ ’ਚ ਇਕ ਤਿੰਨ-ਪੱਖੀ ਸਮਝੌਤਾ ਕੀਤਾ।
ਡੀ. ਆਰ. ਡੀ. ਓ. ਨੇ ਆਈ. ਆਈ. ਟੀ. ਦਿੱਲੀ ਦੇ ਖੋਜਕਾਰਾਂ ਨਾਲ ਮਿਲ ਕੇ ‘ਅਭੇਦ’ (ਐਡਵਾਂਸਡ ਬੈਲਿਸਟਿਕਸ ਫਾਰ ਹਾਈ ਐਨਰਜੀ ਡਿਫੇਟ) ਨਾਮਕ ਹਲਕੀ ਬੁਲੇਟਪਰੂਫ ਜੈਕੇਟ ਵਿਕਸਤ ਕੀਤੀ ਹੈ। ਇਹ ਨਵੀਂ ਜੈਕੇਟ ਪਾਲੀਮਰ ਅਤੇ ਸਵਦੇਸ਼ੀ ਬੋਰੋਨ ਕਾਰਬਾਈਡ ਸਿਰੇਮਿਕ ਸਮੱਗਰੀ ਦੀ ਵਰਤੋਂ ਕਰ ਕੇ ਬਣਾਈ ਗਈ ਹੈ।
ਇਸ ਜੈਕੇਟ ਦਾ ਡਿਜ਼ਾਈਨ ਵੱਖ-ਵੱਖ ਸਮੱਗਰੀਆਂ ਦੀਆਂ ਉੱਚ ਤਣਾਅ ਦਰਾਂ ’ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ, ਇਸ ਤੋਂ ਬਾਅਦ ਡੀ. ਆਰ. ਡੀ. ਓ. ਨਾਲ ਮਿਲ ਕੇ ਉਚਿਤ ਮਾਡਲਿੰਗ ਅਤੇ ਸਿਮੂਲੇਸ਼ਨ ਕੀਤਾ ਗਿਆ। ਇਸ ਜੈਕੇਟ ਦੇ ਆਰਮਰ ਪਲੇਟਜ਼ ਨੇ ਸਾਰੇ ਜ਼ਰੂਰੀ ਖੋਜ ਅਤੇ ਵਿਕਾਸ ਪ੍ਰੀਖਣਾਂ ਨੂੰ ਸਫਲਤਾਪੂਰਵਕ ਪਾਸ ਕੀਤਾ ਹੈ।