ਮਸ਼ੀਨ ਨਾਲ ਕੱਟ ਕੇ ਵੱਖ ਹੋਇਆ ਔਰਤ ਦਾ ਹੱਥ, ਡਾਕਟਰਾਂ ਨੇ ਮੁੜ ਜੋੜਿਆ
Friday, Dec 23, 2022 - 12:23 PM (IST)
ਭੁਵਨੇਸ਼ਵਰ (ਭਾਸ਼ਾ)- ਭੁਵਨੇਸ਼ਵਰ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਕਟਰਾਂ ਦੀ ਟੀਮ ਨੇ ਇਕ ਔਰਤ ਦਾ ਪੂਰੀ ਤਰ੍ਹਾਂ ਕੱਟਿਆ ਹੋਇਆ ਹੱਥ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ ਹੈ। ਸੰਸਥਾ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 8 ਘੰਟੇ ਤੱਕ ਚੱਲੇ ਇਸ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਇਸ ਕੱਟੇ ਹੋਏ ਹੱਥ ਨੂੰ ਮੁੜ ਜੋੜ ਦਿੱਤਾ। ਉਨ੍ਹਾਂ ਅਨੁਸਾਰ ਪੁਰੀ ਦੀ ਰਹਿਣ ਵਾਲੀ 25 ਸਾਲਾ ਵਰਸ਼ਾ ਦਾਸ 9 ਦਸੰਬਰ ਨੂੰ ਆਪਣੇ ਘਰ ਕੰਮ ਕਰ ਰਹੀ ਸੀ ਜਦੋਂ ਉਸ ਦੀ ਚੁੰਨੀ ਅਤੇ ਹੱਥ ਚੌਲਾਂ ਦੀ ਕਟਾਈ ਦੀ ਮਸ਼ੀਨ 'ਚ ਫਸ ਗਏ। ਉਸ ਅਨੁਸਾਰ ਉਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਕੱਟੇ ਹੋਏ ਹੱਥ ਨੂੰ ਬਰਫ਼ 'ਚ ਰੱਖਿਆ ਗਿਆ ਸੀ ਅਤੇ ਮਰੀਜ਼ ਨੂੰ ਉਸੇ ਦਿਨ ਰਾਤ 9 ਵਜੇ ਏਮਜ਼ ਭੁਵਨੇਸ਼ਵਰ ਦੇ ਐਮਰਜੈਂਸੀ ਵਿਭਾਗ 'ਚ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਰਨ ਅਤੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ: ਸੰਜੇ ਕੁਮਾਰ ਗਿਰੀ ਦੀ ਅਗਵਾਈ ਵਾਲੀ ਟੀਮ ਨੇ ਉਸੇ ਰਾਤ ਕਰੀਬ 11.30 ਵਜੇ ਮਰੀਜ਼ ਦੇ ਕੱਟੇ ਹੋਏ ਹੱਥ ਨੂੰ ਟਰਾਂਸਪਲਾਂਟ ਕਰਨ ਦੀ ਯੋਜਨਾ ਬਣਾਈ।
ਇਹ ਵੀ ਪੜ੍ਹੋ : ਘਰ ਦੇ ਬਾਹਰ ਖੇਡ ਰਹੀ 5 ਸਾਲਾ ਬੱਚੀ ਨੂੰ ਕੀਤਾ ਅਗਵਾ, ਜਬਰ ਜ਼ਿਨਾਹ ਕਰ ਕੇ ਪਾਰਕ 'ਚ ਸੁੱਟਿਆ
ਗਿਰੀ ਨੇ ਕਿਹਾ,''ਇਹ ਸਰਜਰੀ ਸਵੇਰੇ 8 ਵਜੇ ਤੱਕ ਚੱਲੀ ਅਤੇ ਮਰੀਜ਼ ਨੂੰ ਮੁੜ ਆਈ.ਸੀ.ਯੂ. 'ਚ ਸ਼ਿਫਟ ਕੀਤਾ ਗਿਆ। ਉਸ ਦੇ 10ਵੇਂ ਦਿਨ ਅਸੀਂ ਮਰੀਜ਼ ਨੂੰ ਆਪਰੇਸ਼ਨ ਰੂਮ 'ਚ ਵਾਪਸ ਲੈ ਆਏ ਕਿਉਂਕਿ ਕੂਹਣੀ ਦੀ ਚਮੜੀ ਠੀਕ ਨਹੀਂ ਸੀ। ਉਨ੍ਹਾਂ ਦੱਸਿਆ ਕਿ ਟੀਮ ਨੇ ਖ਼ਰਾਬ ਪੈ ਚੁੱਕੀ ਚਮੜੀ ਹਟਾਈ ਅਤੇ ਉਸ ਨੂੰ ਸਕਿਨ ਗ੍ਰਾਫਟ ਨਾਲ ਢੱਕ ਦਿੱਤਾ। ਉਨ੍ਹਾਂ ਵੀਰਵਾਰ ਕਿਹਾ ਕਿ ਇਸ ਘਟਨਾ ਨੂੰ ਕਰੀਬ 2 ਹਫ਼ਤੇ ਹੋ ਚੁੱਕੇ ਅਤੇ ਹੁਣ ਹੱਥ ਠੀਕ ਹੈ।'' ਏਮਜ਼ ਦੇ ਕਾਕਜਕਾਰੀ ਡਾਇਰੈਕਟਰ ਡਾ. ਆਸ਼ੂਤੋਸ਼ ਵਿਸ਼ਵਾਸ ਵਾਰਡ 'ਚ ਵਰਸ਼ਾ ਨੂੰ ਦੇਖਣ ਗਏ ਅਤੇ ਉਨ੍ਹਾਂ ਨੇ ਏਮਜ਼ ਦੇ ਡਾਕਟਰਾਂ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਵਰਸ਼ਾ ਨੇ ਵਰੀਵਾਰ ਨੂੰ ਕਿਹਾ ਕਿ ਉਹ ਅਪਾਹਜ ਹੋਣ ਤੋਂ ਬਚ ਗਈ ਅਤੇ ਉਸ ਨੂੰ ਉਸ ਦਾ ਹੱਥ ਮੁੜ ਮਿਲ ਗਿਆ। ਉਨ੍ਹਾਂ ਕਿਹਾ,''ਹੁਣ ਮੈਂ ਅਹਿਸਾਸ ਕਰਦੀ ਹਾਂ ਕਿ ਕਿਉਂ ਲੋਕ ਡਾਕਟਰਾਂ ਨੂੰ ਦੂਜਾ ਭਗਵਾਨ ਕਹਿੰਦੇ ਹਨ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਹੱਥ ਠੀਕ ਹੋ ਸਕੇਗਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ