ਡਾਕਟਰ ਦੀ ਵੱਡੀ ਲਾਪਰਵਾਹੀ, ਗਲਤ ਆਪ੍ਰੇਸ਼ਨ ਕਰ ਖਰਾਬ ਕਰ'ਤੀ ਬੱਚੇ ਦੀ ਜ਼ਿੰਦਗੀ
Thursday, Nov 14, 2024 - 05:30 AM (IST)
ਨੈਸ਼ਨਲ ਡੈਸਕ - ਰਾਸ਼ਟਰੀ ਰਾਜਧਾਨੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਵਿੱਚ ਡਾਕਟਰਾਂ ਨੇ ਅਜਿਹੀ ਲਾਪਰਵਾਹੀ ਕੀਤੀ ਹੈ ਕਿ ਪੂਰਾ ਡਾਕਟਰੀ ਪੇਸ਼ਾ ਸ਼ਰਮਸਾਰ ਹੈ। ਦਰਅਸਲ, ਇੱਕ 7 ਸਾਲ ਦਾ ਬੱਚਾ, ਜੋ ਆਪਣੀ ਖੱਬੀ ਅੱਖ ਦੇ ਇਲਾਜ ਲਈ ਹਸਪਤਾਲ ਆਇਆ ਸੀ, ਉਸਦੀ ਸੱਜੀ ਅੱਖ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਡਾਕਟਰਾਂ ਨੇ ਇਸ ਆਪ੍ਰੇਸ਼ਨ ਲਈ ਬੱਚੇ ਦੇ ਪਰਿਵਾਰ ਤੋਂ 45 ਹਜ਼ਾਰ ਰੁਪਏ ਵੀ ਲਏ ਹਨ। ਜਦੋਂ ਬੱਚੇ ਨੂੰ ਆਪ੍ਰੇਸ਼ਨ ਤੋਂ ਬਾਅਦ ਛੁੱਟੀ ਦਿੱਤੀ ਗਈ ਅਤੇ ਘਰ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਨੋਟਿਸ ਲਿਆ।
ਇਸ ਤੋਂ ਬਾਅਦ ਇਸ ਸਬੰਧੀ ਸੀ.ਐਮ.ਓ. ਨੂੰ ਸ਼ਿਕਾਇਤ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਦੀ ਖੱਬੀ ਅੱਖ ਵਿੱਚ ਸਮੱਸਿਆ ਸੀ। ਹਸਪਤਾਲ 'ਚ ਜਾਂਚ ਤੋਂ ਬਾਅਦ ਡਾਕਟਰਾਂ ਨੇ ਆਪ੍ਰੇਸ਼ਨ ਦੀ ਸਲਾਹ ਦਿੱਤੀ। ਇਸ ਦੇ ਲਈ 45 ਹਜ਼ਾਰ ਰੁਪਏ ਪਹਿਲਾਂ ਹਸਪਤਾਲ ਵਿੱਚ ਜਮ੍ਹਾਂ ਕਰਵਾਏ ਗਏ ਸਨ। ਇਸ ਤੋਂ ਬਾਅਦ ਡਾਕਟਰਾਂ ਨੇ ਬੱਚੇ ਨੂੰ ਦਾਖਲ ਕਰਵਾਇਆ ਅਤੇ ਉਸ ਨੂੰ ਆਪ੍ਰੇਸ਼ਨ ਥੀਏਟਰ ਲੈ ਗਏ ਅਤੇ ਉਸ ਦੀ ਸੱਜੀ ਅੱਖ ਦਾ ਆਪ੍ਰੇਸ਼ਨ ਕੀਤਾ। ਡਾਕਟਰਾਂ ਨੇ ਆਪ੍ਰੇਸ਼ਨ ਤੋਂ ਬਾਅਦ ਬੱਚੇ ਨੂੰ ਛੁੱਟੀ ਦੇ ਦਿੱਤੀ ਤਾਂ ਪਰਿਵਾਰ ਵਾਲੇ ਉਸ ਨੂੰ ਘਰ ਲੈ ਗਏ।
ਆਨੰਦ ਸਪੈਕਟ੍ਰਮ ਹਸਪਤਾਲ ਦਾ ਹੈ ਮਾਮਲਾ
ਜਦੋਂ ਪਰਿਵਾਰਕ ਮੈਂਬਰਾਂ ਨੇ ਉਥੇ ਧਿਆਨ ਦਿੱਤਾ ਤਾਂ ਪਤਾ ਲੱਗਾ ਕਿ ਖੱਬੀ ਦੀ ਬਜਾਏ ਸੱਜੀ ਅੱਖ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪਹਿਲਾਂ ਹਸਪਤਾਲ ਪਹੁੰਚ ਕੇ ਹੰਗਾਮਾ ਕੀਤਾ। ਇਸ ਤੋਂ ਬਾਅਦ ਉਹ ਸੀ.ਐਮ.ਓ. ਦਫ਼ਤਰ ਪੁੱਜੇ ਅਤੇ ਹਸਪਤਾਲ ਪ੍ਰਬੰਧਕਾਂ ਅਤੇ ਡਾਕਟਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਮਾਮਲਾ ਗ੍ਰੇਟਰ ਨੋਇਡਾ ਦੇ ਬੀਟਾ 2 ਥਾਣਾ ਖੇਤਰ ਦੇ ਸੈਕਟਰ ਗਾਮਾ 1 ਵਿੱਚ ਸਥਿਤ ਆਨੰਦ ਸਪੈਕਟ੍ਰਮ ਹਸਪਤਾਲ ਦਾ ਹੈ। ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।