ਪਾਲਤੂ ਜਾਨਵਰਾਂ ਨਾਲ ਪਿਆਰ ਕਿਤੇ ਕਰ ਨਾ ਦੇਵੇ ਬੀਮਾਰ

10/18/2018 1:12:11 AM

ਮਾਲੇਰਕੋਟਲਾ (ਵਰਿੰਦਰ) -ਆਧੁਨਿਕ ਦੌਰ 'ਚ 'ਸਟੇਟਸ ਸਿੰਬਲ, ਹੱਬ ਤੇ ਲਚਰਗਿਰੀ' ਦੌਰਾਨ 'ਘਰ ਦੇ ਬਜ਼ੁਰਗ ਲੋਕਾਂ ਨੂੰ ਬਿਰਧ ਆਸ਼ਰਮਾਂ' ਅਤੇ 'ਮਹਿੰਗੇ ਪਾਲਤੂ ਜਾਨਵਰ' ਨੂੰ ਘਰਾਂ 'ਚ ਪਾਲਣ ਦਾ ਇਕ 'ਫੈਸ਼ਨ' ਜਿਹਾ ਬਣਦਾ ਜਾ ਰਿਹਾ ਹੈ ਜਿਸ ਨਾਲ ਨਾ ਸਿਰਫ ਸਾਡੇ ਸੰਸਕਾਰ, ਸੱਭਿਅਤਾ ਨਸ਼ਟ ਹੋ ਰਹੀ ਹੈ, ਸਗੋਂ ਇਨ੍ਹਾਂ ਪਾਲਤੂ ਜਾਨਵਰਾਂ ਨਾਲ ਇਨਸਾਨਾਂ ਨੂੰ ਕਈ ਖਤਰਨਾਕ ਬੀਮਾਰੀਆਂ ਤੋਹਫੇ 'ਚ ਮਿਲ ਜਾਂਦੀਆਂ ਹਨ। ਵੱਡਿਆਂ ਦੀ ਸਮਝਾਈ ਹਰ ਗਿਆਨ ਦੀ ਗੱਲ 'ਤੇ 'ਮੂੰਹ ਬਣਾਉਣਾ' ਅਤੇ ਹਰ ਸਮੇਂ 'ਜਾਨਵਰਾਂ' ਨਾਲ ਸੋਣਾ, ਖਾਣਾ, ਝੋਲੀ 'ਚ ਲੈ ਕੇ ਘੁੰਮਦੇ ਰਹਿਣਾ ਲੋਕਾਂ 'ਚ ਇਕ ਅਜੀਬ ਜਿਹਾ ਗੰਦਾ ਜਨੂੰਨ ਪੈਦਾ ਕਰ ਰਿਹਾ ਹੈ, ਜਦਕਿ ਜਾਨਵਰਾਂ ਨਾਲ ਇਸ ਜਾਣੇ-ਅਣਜਾਣੇ ਰਿਸ਼ਤੇ 'ਚ ਅਸੀਂ ਖੁਦ ਤਾਂ ਪ੍ਰਭਾਵਿਤ ਹੋ ਹੀ ਰਹੇ ਹਾਂ, ਉਹੀ ਇਨਸਾਨੀ ਲਾਈਫ ਸਟਾਈਲ ਨਾਲ ਜਾਨਵਰ ਵੀ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਿਸਦੇ ਹੱਲ ਹੇਤੂ ਵੈਟਰਨਰੀ ਡਾਕਟਰਾਂ ਅਤੇ ਡਾਕਟਰਾਂ ਕੋਲ ਸਮੇਂ 'ਤੇ ਨਾ ਪੁੱਜਣ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਤੱਕ ਚੱਲੀ ਜਾਂਦੀ ਹੈ। ਇਹ ਗੱਲਾਂ ਪੜ੍ਹਣ, ਸੁਣਨ 'ਚ ਭਾਵੇਂ ਹੀ ਤੁਹਾਨੂੰ ਔਖੀਆਂ ਲੱਗਣ ਪਰ ਇਹ ਇਕ 'ਕੌੜਾ ਸੱਚ' ਹੈ। ਇਸ ਲਈ ਜਾਨਵਰਾਂ ਦੇ ਪਿਆਰ ਤੋਂ ਸਾਵਧਾਨ ਹੋ ਜਾਓ ਨਹੀਂ ਤਾਂ 'ਰੇਬੀਜ਼' ਬੀਮਾਰੀ ਤੁਹਾਡੀ ਮੌਤ ਦਾ ਕਾਰਨ ਬਣ ਸਕਦੀ ਹੈ।

ਜਾਨਵਰਾਂ ਤੋਂ ਇਨਸਾਨਾਂ ਨੂੰ ਹੋਣ ਵਾਲੀ ਬੀਮਾਰੀਆਂ


ਜਾਨਵਰਾਂ-ਇਨਸਾਨਾਂ 'ਚ ਬੇਹੱਦ ਪਿਆਰ ਦਰਜਨਾਂ ਵਿਕਾਰਾਂ ਦਾ ਅਦਾਨ-ਪ੍ਰਦਾਨ ਵੀ ਕਰ ਦਿੰਦਾ ਹੈ, ਜਿਨ੍ਹਾਂ 'ਚ ਕੁੱਤਿਆਂ ਤੋਂ ਹੋਣ ਵਾਲੀ ਟੋਕਸੋਪਲਾਜਮਾ ਬੀਮਾਰੀ ਗਰਭਵਤੀ ਔਰਤਾਂ ਹੇਤੂ ਖਤਰਨਾਕ ਮੰਨੀ ਜਾਂਦੀ ਹੈ ਜਿਸ ਨਾਲ ਗਰਭਪਾਤ, ਬੈਕਟੀਰੀਅਲ ਇਨਫੈਕਸ਼ਨ, ਫੰਗਲ, ਵਾਇਰਲ ਬੀਮਾਰੀ ਹੋ ਸਕਦੀ ਹੈ ਅਤੇ ਵਿਅਕਤੀ ਦੇ ਕਿਸੇ ਜ਼ਖਮ ਨੂੰ ਕੁੱਤੇ ਦੇ ਚੱਟਣ ਨਾਲ ਰੇਬੀਜ ਹੋ ਸਕਦਾ ਹੈ। ਇਸੇ ਤਰ੍ਹਾਂ ਡੇਅਰੀ ਪਸ਼ੂਆਂ ਤੋਂ ਬਰਸੋਲੋਸਿਸ, ਟੀ. ਬੀ. ਅਤੇ ਮੁਰਗੇ ਤੋਂ ਬਰਡ ਫਲੂ ਸਮੇਤ ਬਿੱਲੀਆਂ ਤੋਂ ਵੀ ਕਈ ਬੀਮਾਰੀਆਂ ਸੁਗਾਤ 'ਚ ਮਿਲ ਸਕਦੀਆਂ ਹਨ।

ਜਾਨਵਰਾਂ 'ਤੇ ਇਨਸਾਨੀ ਲਾਈਫ ਸਟਾਈਲ ਦਾ ਅਸਰ


ਮਨੁੱਖ ਵੱਲੋਂ ਪਾਲਤੂ ਜਾਨਵਰਾਂ ਨੂੰ 24 ਘੰਟੇ ਆਪਣੇ ਨਾਲ ਰੱਖਣਾ ਵੀ ਜਾਨਵਰਾਂ ਨੂੰ ਕਈ ਭਿਆਨਕ ਬੀਮਾਰੀਆਂ ਨਾਲ ਗ੍ਰਸਤ ਕਰ ਰਿਹਾ ਹੈ, ਜਿਨ੍ਹਾਂ 'ਚ ਇਨਸਾਨਾਂ ਦੀ ਤਰ੍ਹਾਂ ਫੈਟ ਵਾਲੇ ਭੋਜਨ ਦਾ ਸੇਵਨ ਅਤੇ ਘੱਟ ਸੈਰ ਨਾਲ ਮੋਟਾਪਾ, ਹਾਰਟ ਅਟੈਕ, ਗੁਰਦਾ ਸਮੱਸਿਆ ਆਦਿ ਗੈਰ-ਇਨਫੈਕਸ਼ਨ ਬੀਮਾਰੀਆਂ ਵੱਧ ਰਹੀਆਂ ਹਨ।

ਲਾਵਾਰਿਸ ਕੁੱਤਿਆਂ 'ਤੇ ਲੱਗੇ ਰੋਕ
ਲਾਵਾਰਿਸ ਕੁੱਤਿਆਂ ਨੂੰ ਮਾਰਨਾ ਭਾਰਤ 'ਚ ਗੈਰ-ਕਾਨੂੰਨੀ ਹੈ ਪਰ ਰੇਬੀਜ ਦੇ ਖਾਤਮੇ ਹੇਤੂ ਜਾਨਵਰਾਂ ਦੀ ਪ੍ਰਜਨਨ ਦਰ 'ਤੇ ਕਾਬੂ ਰੱਖਣ ਲਈ ਸਰਕਾਰਾਂ ਨੂੰ ਕੋਈ ਪ੍ਰਾਜੈਕਟ ਚਲਾਉਣਾ ਚਾਹੀਦਾ ਹੈ ਕਿਉਂਕਿ 50 ਫੀਸਦੀ ਮਾਮਲੇ ਕੁੱਤਿਆਂ ਵੱਲੋਂ ਵੱਢਣ ਦੇ ਹੀ ਸਾਹਮਣੇ ਆਉਂਦੇ ਹਨ।

ਮੌਤ ਦਾ ਦੂਜਾ ਨਾਂ ਰੇਬੀਜ
ਇਨਫੈਕਟਿਡ ਪਸ਼ੂਆਂ ਦੀ ਲਾਰ, ਵਾਇਰਸ, ਵੱਢਣ ਨਾਲ ਫੈਲਣ ਵਾਲੀ ਇਕ ਖਤਰਨਾਕ ਇਨਫੈਕਸ਼ਨ ਅਤੇ ਮੌਤ ਦਾ ਦੂਜਾ ਰੂਪ ਹੈ ਰੇਬੀਜ। ਅੰਕੜਿਆਂ ਅਨੁਸਾਰ ਰੇਬੀਜ ਨਾਲ ਹਰ 9 ਮਿੰਟ 'ਚ ਇਕ ਇਨਸਾਨ ਦੀ ਮੌਤ ਹੁੰਦੀ ਹੈ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਸ਼ਿਕਾਰ ਬੱਚੇ ਹੁੰਦੇ ਹਨ। ਰੇਬੀਜ ਦਾ ਵਾਇਰਸ ਜਲਦ ਵਿਅਕਤੀ ਦੇ ਦਿਮਾਗ ਤੱਕ ਪਹੁੰਚ ਜਾਂਦਾ ਹੈ ਅਤੇ ਏਕਸਪੋਜਰ ਥਾਂ 'ਤੇ ਝੁਣਝੁਣੀ ਪੈਦਾ ਕਰਦਾ ਹੈ, ਜੇਕਰ ਤੁਹਾਨੂੰ ਕੋਈ ਵੀ ਜਾਨਵਰ ਵੱਢ ਲਵੇ ਤਾਂ ਤੁਰੰਤ ਡਾਕਟਰ ਵੱਲੋਂ ਕੁੱਝ ਚੈੱਕਅਪ ਤੋਂ ਬਾਅਦ ਇਲਾਜ ਸ਼ੁਰੂ ਕਰਾਵਾਓ। ਇਸ ਦੇ ਲੱਛਣ ਸ਼ੁਰੂ ਹੁੰਦੇ ਹੀ ਇਹ ਰੋਗ ਘਾਤਕ ਬਣ ਜਾਂਦਾ ਹੈ ਅਤੇ ਪੀੜਤ ਨੂੰ ਟੀਕਾ, ਈਯੁਨੋਗਲੋਬਿਉਲਿਨ ਲੈਣਾ ਪੈਂਦਾ ਹੈ।

ਰੇਬੀਜ ਦੇ ਲੱਛਣ
ਬੁਖਾਰ, ਸਿਰ ਦਰਦ, ਬੇਚੈਨੀ, ਬੇਚੈਨੀ, ਚਿੰਤਾ, ਭੁਲੇਖਾ, ਨਿਗਲਣ 'ਚ ਮੁਸ਼ਕਲ, ਬਹੁਤ ਲਾਰ ਆਉਣਾ, ਪਾਣੀ ਤੋਂ ਡਰ ਲੱਗਣਾ, ਅਸੰਤੁਸ਼ਟ, ਅੰਸ਼ਕ ਪਿਰਤ, ਅਚਾਨਕ ਕਿਰਿਆ, ਸਰੀਰ ਦੇ ਅੰਗਾਂ ਨੂੰ ਹਿਲਾਉਣ 'ਚ ਅਸਮਰਥਤਾ, ਪਸ ਆਉਣਾ ਆਦਿ।

ਰੇਬੀਜ ਦਾ ਟੀਕਾ ਹੈ ਲਾਭਦਾਇਕ

ਐਂਟੀ ਰੇਬੀਜ ਟੀਕਾ ਹੀ ਰੋਕਥਾਮ ਦਾ ਇਕ ਮਾਤਰ ਸੁਰੱਖਿਅਤ, ਪ੍ਰਭਾਵੀ ਉਪਾਅ ਅਤੇ ਉਪਚਾਰ ਹੈ ਅਤੇ 72 ਘੰਟਿਆਂ ਅੰਦਰ ਇਹ ਲਵਾ ਲੈਣਾ ਚਾਹੀਦਾ ਹੈ, ਜਦਕਿ ਦੂਜਾ 3 ਦਿਨ ਬਾਅਦ, ਤੀਜਾ 7 ਦਿਨ ਬਾਅਦ, ਚੌਥਾ 14 ਦਿਨ ਅਤੇ 5ਵਾਂ 28 ਦਿਨ 'ਚ ਲੱਗਣਾ ਜ਼ਰੂਰੀ ਹੈ। ਤਿੰਨ ਖੁਰਾਕ ਤੋਂ ਬਾਅਦ ਜੋ ਰੋਕਣ ਵਾਲਾ ਸਮਰੱਥਾ ਵਿਕਸਿਤ ਹੁੰਦੀ ਹੈ ਉਹ ਲੰਬੇ ਸਮਾਂ ਤੱਕ ਰਹਿੰਦੀ ਹੈ। ਪਾਗਲ ਕੁੱਤੇ ਦੇ ਵੱਢਣ ਤੋਂ ਬਾਅਦ ਰੇਬੀਜ ਦੇ ਕੀਟਾਣੂ ਲੱਗਭੱਗ 19 ਸਾਲ ਤੱਕ ਮਰੀਜ਼ ਦੇ ਸਰੀਰ 'ਚ ਰਹਿੰਦੇ ਹਨ, ਜੋ ਮਾੜੀ ਜਿਹੀ ਅਣਗਹਿਲੀ ਨਾਲ ਜਾਨਲੇਵਾ ਹੋ ਸਕਦੇ ਹਨ।

ਘਰੇਲੂ ਟੋਟਕਿਆਂ ਤੋਂ ਬਚੋ 
ਪੇਂਡੂ ਖੇਤਰਾਂ 'ਚ ਘੱਟ ਜਾਗਰੂਕਤਾ ਕਾਰਨ ਅਕਸਰ ਇਨ੍ਹਾਂ ਮਾਮਲਿਆਂ 'ਚ ਲਾਪ੍ਰਵਾਹੀ ਵਰਤੀ ਜਾਂਦੀ ਹੈ ਅਤੇ ਜਾਨਵਰ ਦੇ ਵੱਢਣ 'ਤੇ ਬਣੇ ਜ਼ਖਮ 'ਤੇ ਲਾਲ ਮਿਰਚ, ਮਿੱਟੀ ਦਾ ਤੇਲ, ਚੂਨਾ, ਨਿੰਮ ਦੀਆਂ ਪੱਤੀਆਂ ਆਦਿ ਲਾ ਲਈਆਂ ਜਾਂਦੀਆਂ ਹਨ, ਜੋ ਬੀਮਾਰੀ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਹੋਰ ਵਧਾ ਦਿੰਦੀਆਂ ਹਨ, ਜਦਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਦਾ ਇਲਾਜ ਫ੍ਰੀ ਕਰਨ ਦਾ ਬਦਲ ਰੱਖਿਆ ਗਿਆ ਹੈ।



ਰੇਬੀਜ ਦੀ ਰੋਕਥਾਮ ਦੇ ਉਪਾਅ 
1 . ਘਰ 'ਚ ਪਾਲਤੂ ਜਾਨਵਰ ਨੂੰ ਰੇਬੀਜ ਦਾ ਟੀਕਾ ਲਵਾਓ।
2 . ਪਾਲਤੂ ਜਾਨਵਰਾਂ ਨੂੰ ਘਰ 'ਚ ਹੀ ਰੱਖੋ ਅਤੇ ਬਾਹਰੀ ਜਾਨਵਰਾਂ ਦੇ ਸੰਪਰਕ ਤੋਂ ਬਚਾਓ।
3 . ਛੋਟੇ ਜਾਨਵਰਾਂ ਨੂੰ ਪਿੰਜਰੇ 'ਚ ਰੱਖੋ ।
4 . ਖੁਦ ਵੀ ਆਵਾਰਾ ਕੁੱਤਿਆਂ, ਬਾਂਦਰਾਂ, ਬਿੱਲੀਆਂ ਤੋਂ ਦੂਰ ਰਹੋ।
5 . ਜਾਨਵਰ ਦੇ ਵੱਢੀ ਥਾਂ, ਖਰੋਚਾਂ ਨੂੰ 15 ਮਿੰਟ ਤੱਕ ਸਾਬਣ, ਪਾਣੀ, ਪੋਵੀਡੋਨ ਆਯੋਡੀਨ, ਡਿਟਰਜੈਂਟ ਨਾਲ ਧੋਵੋ।
6 . ਐਂਟੀਸੈਪਟਿਕ ਕਰੀਮ, ਲੋਸ਼ਨ, ਸਪ੍ਰਿਟ ਲਾਓ।
7 . ਖੂਨ ਰੁੜ੍ਹਨ ਦੀ ਹਾਲਤ 'ਚ ਸਿਰਫ ਪੱਟੀ ਬੰਨ੍ਹੋ।
8 . ਜ਼ਖਮ 'ਤੇ ਟਾਂਕੇ ਨਾ ਲਾਓ।
9 . ਜਿਸ ਜਾਨਵਰ ਨੇ ਵੱਢਿਆ ਹੋਵੇ, 10 ਦਿਨਾਂ ਤੱਕ ਉਸ ਦਾ ਧਿਆਨ ਰੱਖੋ।

ਜਾਨਵਰਾਂ ਦੇ ਮਾਹਰ ਡਾਕਟਰ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਨਾਲ ਜਾਨਵਰਾਂ ਦੀ ਸਾਫ-ਸਫਾਈ ਪ੍ਰਤੀ ਪੂਰੀ ਜਾਗਰੂਕਤਾ ਨਾਲ ਹਾਈਜੀਨ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਜਾਨਵਰਾਂ ਨੂੰ ਛੂਹਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦਾ ਹੈ, ਜੇਕਰ ਪਾਲਤੂ ਜਾਨਵਰ ਬੀਮਾਰ ਹੈ ਤਾਂ ਉਸ ਦਾ ਇਲਾਜ ਕਰਾਓ ਅਤੇ ਠੀਕ ਹੋਣ ਤੱਕ ਦੂਰੀ ਬਣਾਈ ਰੱਖੋ। ਇਸੇ ਤਰ੍ਹਾਂ ਡੇਅਰੀ ਕਰਮਚਾਰੀ ਨੂੰ ਜੇਕਰ ਟੀ. ਬੀ. ਹੈ ਤਾਂ ਗਾਂ, ਮੱਝ ਨੂੰ ਵੀ ਹੋ ਸਕਦਾ ਹੈ ਅਤੇ ਜੇਕਰ ਗਾਂ, ਮੱਝ ਨੂੰ ਟੀ. ਬੀ. ਹੈ ਤਾਂ ਇਨਸਾਨ ਪ੍ਰਭਾਵਿਤ ਹੋ ਸਕਦਾ ਹੈ।


Related News