ਸੁਸ਼ਾਂਤ ਰਾਜਪੂਤ ਕੇਸ : ਡਰੱਗਸ ਕਨੈਕਸ਼ਨ ’ਚ ਐੱਨ. ਸੀ. ਬੀ. ਨੇ ਦੀਪੇਸ਼ ਸਾਵੰਤ ਨੂੰ ਕੀਤਾ ਗ੍ਰਿਫਤਾਰ
Saturday, Sep 05, 2020 - 08:52 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਡਰੱਗਸ ਐਂਗਲ ਸਾਹਮਣੇ ਆਉਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਐਕਸ਼ਨ ’ਚ ਆ ਗਈ ਹੈ। ਐੱਨ. ਸੀ. ਬੀ. ਨੇ ਦੀਪੇਸ਼ ਸਾਵੰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਨੀਵਾਰ ਸ਼ਾਮ ਨੂੰ ਐੱਨ. ਸੀ. ਬੀ. ਨੇ ਦੀਪੇਸ਼ ਸਾਵੰਤ ਉਰਫ ਦੀਪੂ ਦੀ ਗ੍ਰਿਫਤਾਰੀ ਕੀਤੀ ਹੈ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਦੀਪੇਸ਼ ਸਰਕਾਰੀ ਗਵਾਹ ਬਣ ਸਕਦਾ ਹੈ ਪਰ ਐੱਨ. ਸੀ. ਬੀ. ਨੇ ਗ੍ਰਿਫਤਾਰ ਕਰਕੇ ਇਨ੍ਹਾਂ ਅਟਕਲਾਂ ਨੂੰ ਲਗਭਗ ਖਾਰਜ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਦੋ ਡਰੱਗ ਸਪਲਾਇਰ ਅਬਦੁਲ ਬਾਸਿਤ ਪਰਿਹਾਰ ਤੇ ਜੈਦ ਵਿਲਾਤਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐੱਨ. ਸੀ. ਬੀ. ਨੇ ਸ਼ੁੱਕਰਵਾਰ ਨੂੰ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਤ ਚੱਕਰਵਰਤੀ ਤੇ ਸੁਸ਼ਾਂਤ ਦੇ ਹਾਊਸ ਮੈਨੇਜਰ ਸੈਮੁਅਲ ਮਿਰਾਂਡਾ ਨੂੰ ਵੀ ਗ੍ਰਿਫਤਾਰ ਕਰ ਲਿਆ।
ਰੀਆ ਚੱਕਰਵਰਤੀ ਦੇ ਦੋ ਮੋਬਾਈਲ ਫੋਨਜ਼ ਦੀ ਡਿਟੇਲ ਮਿਲਣ ਤੋਂ ਬਾਅਦ ਏਜੰਸੀ ਐੱਨ. ਡੀ. ਪੀ. ਐੱਸ. ਕਾਨੂੰਨ ਤਹਿਤ ਇਸ ਦੀ ਜਾਂਚ ਕਰ ਰਹੀ ਹੈ। ਸੁਸ਼ਾਂਤ ਦੀ ਮੌਤ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੀ ਜਾਂਚ ਈ. ਡੀ., ਸੀ. ਬੀ. ਆਈ. ਤੇ ਐੱਨ. ਸੀ. ਬੀ. ਵਲੋਂ ਕੀਤੀ ਜਾ ਰਹੀ ਹੈ।