ਭਾਗਵਤ ਮਸਜਿਦਾਂ ਤੇ ਮਦਰੱਸਿਆਂ ’ਚ ਜਾਣ ਲਈ ਹੋਏ ਹਨ ਮਜਬੂਰ, ਜਲਦੀ ਹੀ ਮੋਦੀ ਵੀ ਪਾਉਣਗੇ ਟੋਪੀ: ਦਿਗਵਿਜੇ
Wednesday, Nov 16, 2022 - 12:18 PM (IST)
ਇੰਦੌਰ (ਭਾਸ਼ਾ)– ਰਾਜ ਸਭਾ ਦੇ ਮੈਂਬਰ ਦਿਗਵਿਜੇ ਸਿੰਘ ਨੇ ਮੰਗਲਵਾਰ ਦਾਅਵਾ ਕੀਤਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਚੱਲ ਰਹੀ ਭਾਰਤ ਜੋੜੋ ਯਾਤਰਾ ਕਾਰਨ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੂੰ ਮਦਰੱਸਿਆਂ ਅਤੇ ਮਸਜਿਦਾਂ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ ਹੈ। ਕੁਝ ਹੀ ਦਿਨਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ‘ਟੋਪੀ’ ਪਾਉਣਾ ਸ਼ੁਰੂ ਕਰ ਦੇਣਗੇ।
ਦਿਗਵਿਜੇ ਭਾਰਤ ਜੋੜੋ ਯਾਤਰਾ ਦੀ ਆਯੋਜਨ ਕਮੇਟੀ ਦੇ ਮੁਖੀ ਹਨ। ਉਨ੍ਹਾਂ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਦੌਰਾਨ ਇੰਦੌਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਇਨ੍ਹੀਂ ਦਿਨੀਂ ਰਾਹੁਲ ਗਾਂਧੀ ਨੂੰ ਖਾਸ ਤੌਰ ’ਤੇ ਆਲੋਚਨਾ ਲਈ ਚੁਣ ਰਹੀ ਹੈ ਕਿਉਂਕਿ ਆਪਣੀ ਭਾਰਤ ਜੋੜੋ ਯਾਤਰਾ ਦੇ ਇੱਕ ਮਹੀਨੇ ਅੰਦਰ ਹੀ ਭਾਗਵਤ ਨੇ ਮਦਰੱਸਿਆਂ ਅਤੇ ਮਸਜਿਦਾਂ ’ਚ ਜਾਣਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨਾਂ ਵਿੱਚ ਮੋਦੀ ਵੀ ਟੋਪੀ ਪਾਉਣਾ ਸ਼ੁਰੂ ਕਰ ਦੇਣਗੇ।
ਸੀਨੀਅਰ ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਾਊਦੀ ਅਰਬ ਅਤੇ ਹੋਰ ਦੇਸ਼ਾਂ ਵਿੱਚ ‘ਟੋਪੀ’ ਪਹਿਨਦੇ ਹਨ, ਪਰ ਭਾਰਤ ਪਰਤਣ ਤੋਂ ਬਾਅਦ ਆਪਣੇ ਸਿਰ ’ਤੇ ‘ਟੋਪੀ’ ਨਹੀਂ ਪਹਿਨਦੇ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦਾ ਦੋ ਮਹੀਨਿਆਂ ਵਿੱਚ ਹੀ ਅਜਿਹਾ ਪ੍ਰਭਾਵ ਪਿਆ ਹੈ ਕਿ ਸੰਘ ਦੇ ਇੱਕ ਸੀਨੀਅਰ ਨੇਤਾ ਨੂੰ ਕਹਿਣਾ ਪਿਆ ਹੈ ਕਿ ਦੇਸ਼ ਦੇ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਹਨ ਅਤੇ ਅਮੀਰ ਲੋਕ ਹੋਰ ਅਮੀਰ ਹੋ ਰਹੇ ਹਨ।
ਦਿਗਵਿਜੇ ਨੇ ਕਿਹਾ ਕਿ ਤੁਸੀਂ ਦੇਖੋਗੇ ਕਿ ਜਦੋਂ ਇਹ ਯਾਤਰਾ ਆਪਣੀ ਅੰਤਿਮ ਮੰਜ਼ਿਲ ਸ਼੍ਰੀਨਗਰ ਪਹੁੰਚੇਗੀ ਤਾਂ ਕੀ ਹੁੰਦਾ ਹੈ।