ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ''ਤੇ ਵਿਵਾਦਤ ਟਿੱਪਣੀ ਕਰਨ ਮਗਰੋਂ ਧੀਰੇਂਦਰ ਸ਼ਾਸਤਰੀ ਨੇ ਮੰਗੀ ਮੁਆਫ਼ੀ
Tuesday, Nov 03, 2026 - 12:55 PM (IST)
ਛਤਰਪੁਰ (ਏਜੰਸੀ)- ਬਾਗੇਸ਼ਵਰ ਧਾਮ ਦੇ ਮੁੱਖ ਪੁਜਾਰੀ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਭਗਵਾਨ ਕ੍ਰਿਸ਼ਨ 'ਤੇ ਆਪਣੀਆਂ ਟਿੱਪਣੀਆਂ 'ਤੇ ਵਿਵਾਦ ਪੈਦਾ ਹੋਣ ਤੋਂ ਬਾਅਦ ਮੁਆਫ਼ੀ ਮੰਗੀ। ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਭਗਵਾਨ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਵਿਚਕਾਰ ਕਿਸੇ ਤਰ੍ਹਾਂ ਦਾ ਅੰਤਰ ਦੱਸਣ ਦਾ ਨਹੀਂ ਸੀ ਅਤੇ ਜੇਕਰ ਉਨ੍ਹਾਂ ਦੀਆਂ ਗੱਲਾਂ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਚਾਹੁੰਦੇ ਹਨ।
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦੇ ਕਰੈਰਾ 'ਚ ਆਯੋਜਿਤ ਰਾਮ ਕਥਾ ਦੌਰਾਨ ਸ਼ਾਸਤਰੀ ਨੇ ਭਗਵਾਨ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਦੇ ਰੂਪਾਂ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਸ਼੍ਰੀ ਰਾਮ ਸਿੱਧੇ ਹਨ, ਜਦੋਂ ਕਿ ਸ਼੍ਰੀ ਕ੍ਰਿਸ਼ਨ ਤਿੰਨ ਥਾਵਾਂ ਤੋਂ ਟੇਢੇ ਹੋ ਕੇ ਖੜ੍ਹੇ ਹੁੰਦੇ ਹਨ। ਉਨ੍ਹਾਂ ਨੇ ਸ਼੍ਰੀ ਕ੍ਰਿਸ਼ਨ ਦੀ ਤ੍ਰਿਭੰਗ ਮੁਦਰਾ, ਬਾਂਸੁਰੀ ਅਤੇ ਵਰਿੰਦਾਵਨ ਦਾ ਜ਼ਿਕਰਦੇ ਹੋਏ ਅਯੁੱਧਿਆ ਅਤੇ ਵਰਿੰਦਾਵਨ ਦੀ ਤੁਲਨਾ ਵੀ ਕੀਤੀ ਸੀ। ਉਨ੍ਹਾਂ ਦੀ ਇਸ ਟਿੱਪਣੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਥੁਰਾ ਅਤੇ ਵਰਿੰਦਾਵਨ ਦੇ ਸੰਤਾਂ ਅਤੇ ਕ੍ਰਿਸ਼ਨ ਭਗਤਾਂ ਨੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਭਗਵਾਨ ਸ਼੍ਰੀ ਰਾਮ ਅਤੇ ਸ਼੍ਰੀ ਕ੍ਰਿਸ਼ਨ ਦੋਵੇਂ ਬਰਾਬਰ ਸਤਿਕਾਰਯੋਗ ਹਨ ਅਤੇ ਇਸ ਤਰੀਕੇ ਨਾਲ ਉਨ੍ਹਾਂ ਦੀ ਤੁਲਨਾ ਕਰਨਾ ਅਣਉਚਿਤ ਹੈ। ਇਸ ਵਿਵਾਦ ਤੋਂ ਬਾਅਦ ਸ਼ਾਸਤਰੀ ਨੇ ਕੀਨੀਆ ਦੇ ਨੈਰੋਬੀ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਸਫ਼ਾਈ ਦਿੱਤੀ।
ਉਨ੍ਹਾਂ ਕਿਹਾ,"ਉਨ੍ਹਾਂ ਦੀ ਟਿੱਪਣੀ ਭਗਤੀ ਪਰੰਪਰਾ ਅਤੇ ਬ੍ਰਜ ਦੀ ਪ੍ਰੇਮਮਈ ਪ੍ਰਗਟਾਵੇ ਦੇ ਸੰਦਰਭ 'ਚ ਸੀ। ਉਨ੍ਹਾਂ ਦਾ ਇਰਾਦਾ ਕਿਸੇ ਭਗਵਾਨ ਦਾ ਅਪਮਾਨ ਕਰਨਾ ਜਾਂ ਦੋਵਾਂ 'ਚ ਫ਼ਰਕ ਕਰਨਾ ਨਹੀਂ ਸੀ।" ਬਾਬਾ ਬਾਗੇਸ਼ਵਰ ਵਜੋਂ ਜਾਣੇ ਜਾਂਦੇ ਸ਼ਾਸਤਰੀ ਨੇ ਕਿਹਾ ਕਿ ਭਗਵਾਨ ਰਾਮ ਅਤੇ ਕ੍ਰਿਸ਼ਨ ਇਕੋ ਪਰਮ ਸ਼ਕਤੀ ਦੇ ਰੂਪ ਹਨ। ਆਪਣੇ ਆਪ ਨੂੰ ਭਗਵਾਨ ਕ੍ਰਿਸ਼ਨ ਦਾ ਭਗਤ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਹ ਭਾਗਵਤ ਕਥਾ ਵੀ ਕਰਦੇ ਹਨ ਅਤੇ ਕ੍ਰਿਸ਼ਨ ਭਗਤੀ 'ਚ ਪੂਰਾ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਭਾਵਨਾਤਮਕ ਟਿੱਪਣੀਆਂ ਤੋਂ ਕਿਸੇ ਨੂੰ ਠੇਸ ਪਹੁੰਚੀ ਹੈ, ਤਾਂ ਉਹ ਨਿਮਰਤਾ ਨਾਲ ਮੁਆਫੀ ਮੰਗਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
