ਸੀਤਾ ਗਊਸ਼ਾਲਾ ਦੇ ਰਾਧਾ-ਕ੍ਰਿਸ਼ਨ ਮੰਦਰ ’ਚ ਲੱਖਾਂ ਦੀ ਚੋਰੀ
Thursday, Oct 29, 2026 - 02:47 PM (IST)
ਡੇਰਾਬੱਸੀ (ਅਨਿਲ ਸ਼ਰਮਾ) : ਮੁਬਾਰਕਪੁਰ ਸਥਿਤ ਸੀਤਾ ਗਊਸ਼ਾਲਾ ਕੰਪਲੈਕਸ ਦੇ ਰਾਧਾ-ਕ੍ਰਿਸ਼ਨ ਮੰਦਰ 'ਚ ਹੋਈ ਲੱਖਾਂ ਰੁਪਏ ਦੀ ਚੋਰੀ ਦੇ ਮਾਮਲੇ 'ਚ 36 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ। ਮੰਦਰ ਵਿੱਚੋਂ ਚਾਂਦੀ ਦੇ ਮੁਕਟ, ਮੂਰਤੀਆਂ, ਪੂਜਾ ਸਮੱਗਰੀ ਅਤੇ ਹੋਰ ਕੀਮਤੀ ਸਮਾਨ ਚੋਰੀ ਹੋਣ ਕਾਰਨ ਸ਼ਰਧਾਲੂਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਚੋਰੀ ਹੋਏ ਸਮਾਨ ਦੀ ਬਰਾਮਦਗੀ ਦੀ ਮੰਗ ਨੂੰ ਲੈ ਕੇ ਮੰਦਰ ਪ੍ਰਬੰਧਕਾਂ, ਧਾਰਮਿਕ ਜੱਥੇਬੰਦੀਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਡੀ. ਐੱਸ. ਪੀ. ਦਫ਼ਤਰ ਮੁਬਾਰਕਪੁਰ ਦੇ ਬਾਹਰ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ, ਜਿਸ ਨੂੰ ਪੁਲਸ ਅਧਿਕਾਰੀਆਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਖ਼ਤਮ ਕਰ ਦਿੱਤਾ ਗਿਆ।
20 ਦਿਨਾਂ 'ਚ ਦੂਜੀ ਵਾਰ ਮੰਦਰ ਨੂੰ ਬਣਾਇਆ ਨਿਸ਼ਾਨਾ
ਮੰਦਰ ਦੇ ਸੰਸਥਾਪਕ ਕੇਵਲ ਗਰਗ ਨੇ ਦੱਸਿਆ ਕਿ ਪਿਛਲੇ 20 ਦਿਨਾਂ ਦੌਰਾਨ ਮੰਦਰ ਵਿੱਚ ਚੋਰੀ ਦੀ ਇਹ ਦੂਜੀ ਘਟਨਾ ਹੈ। ਇਸ ਦੇ ਬਾਵਜੂਦ ਪਹਿਲਾਂ ਹੋਈ ਚੋਰੀ ਦੇ ਮਾਮਲੇ ਵਿੱਚ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਮੰਦਰ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਅਨੁਸਾਰ ਚੋਰ ਰਾਤ ਕਰੀਬ ਇੱਕ ਵਜੇ ਮੰਦਰ ਕੰਪਲੈਕਸ 'ਚ ਦਾਖ਼ਲ ਹੋਏ ਅਤੇ ਦਰਵਾਜ਼ੇ ਖੋਲ੍ਹ ਕੇ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ।
ਚਾਂਦੀ ਦੇ ਮੁਕਟ, ਮੂਰਤੀਆਂ ਅਤੇ ਪੂਜਾ ਸਮੱਗਰੀ ਚੋਰੀ
ਮੰਦਰ ਪ੍ਰਬੰਧਕਾਂ ਅਨੁਸਾਰ ਚੋਰ ਦਾਨ ਪਾਤਰ, ਚਾਂਦੀ ਦੇ ਦੋ ਮੁਕਟ, ਗਊ ਮਾਤਾ ਦੀਆਂ ਚਾਂਦੀ ਦੀਆਂ ਦੋ ਮੂਰਤੀਆਂ, ਗੋਪਾਲ ਜੀ ਦੇ ਦੋ ਸਰੂਪ, ਚਾਂਦੀ ਦੀ ਬੰਸਰੀ, ਚਾਂਦੀ ਦੇ ਦੋ ਗਿਲਾਸ, ਆਰਤੀ ਦੀ ਥਾਲੀ, ਘੰਟੀ ਅਤੇ ਹੋਰ ਪੂਜਾ ਸਮੱਗਰੀ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਪਿੱਤਲ ਦੇ ਵੱਡੇ ਘੰਟਿਆਂ ਸਮੇਤ ਹੋਰ ਸਾਮਾਨ ਵੀ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।
ਕਾਰਵਾਈ ਨਾ ਹੋਣ ’ਤੇ ਸੰਘਰਸ਼ ਜਾਰੀ ਰੱਖਣ ਦੀ ਚਿਤਾਵਨੀ
ਧਰਨੇ ਵਿੱਚ ਸ਼ਾਮਲ ਲੋਕਾਂ ਨੇ ਪੁਲਸ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਚੋਰੀ ਹੋਇਆ ਸਾਮਾਨ ਬਰਾਮਦ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਾਮਲੇ ਵਿੱਚ ਜਲਦੀ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।
