ਵਿਵਾਦਾਂ ''ਚ ਘਿਰੇ ਕਿਲੀਅਨ ਐਮਬਾਪੇ, ਭਾਰੀ ਵਿਰੋਧ ਵਿਚਾਲੇ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ

Friday, Oct 30, 2026 - 05:17 PM (IST)

ਵਿਵਾਦਾਂ ''ਚ ਘਿਰੇ ਕਿਲੀਅਨ ਐਮਬਾਪੇ, ਭਾਰੀ ਵਿਰੋਧ ਵਿਚਾਲੇ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ

ਸਪੋਰਟਸ ਡੈਸਕ : ਫਰਾਂਸ ਤੇ ਰੀਅਲ ਮੈਡ੍ਰਿਡ ਦੇ ਪ੍ਰਸਿੱਧ ਫੁੱਟਬਾਲਰ ਕਿਲੀਅਨ ਐਮਬਾਪੇ ਨੇ ਕਮਿਊਨਿਸਟ ਚੀਨ ਦੇ ਸੰਸਥਾਪਕ ਨੇਤਾ ਮਾਓ ਜ਼ੇਡੋਂਗ ਨੂੰ 'ਤਾਨਾਸ਼ਾਹ' ਕਹਿਣ 'ਤੇ ਹੋਏ ਭਾਰੀ ਵਿਰੋਧ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ। ਵਿਵਾਦ ਵਧਣ ਤੋਂ ਬਾਅਦ ਐਮਬਾਪੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਵਿੱਚ ਸਮਝ ਦੀ ਘਾਟ ਸੀ। ਉਨ੍ਹਾਂ ਨੇ ਮੰਨਿਆ ਕਿ ਇਸ ਟਿੱਪਣੀ ਨਾਲ ਚੀਨ ਅਤੇ ਦੁਨੀਆ ਭਰ ਵਿੱਚ ਰਹਿਣ ਵਾਲੇ ਚੀਨੀ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ ਅਤੇ ਉਹ ਚੀਨੀ ਲੋਕਾਂ ਤੇ ਉਨ੍ਹਾਂ ਦੇ ਇਤਿਹਾਸ ਦਾ ਪੂਰਾ ਸਤਿਕਾਰ ਕਰਦੇ ਹਨ।
 ਇਸ ਟਿੱਪਣੀ ਤੋਂ ਬਾਅਦ ਚੀਨ ਵਿੱਚ ਐਮਬਾਪੇ ਦਾ ਵਿਆਪਕ ਬਾਇਕਾਟ ਕੀਤਾ ਗਿਆ। ਚੀਨ ਦੀਆਂ ਤਿੰਨ ਵੱਡੀਆਂ ਕੰਪਨੀਆਂ ਪੀਣ ਵਾਲੇ ਪਦਾਰਥ ਬਣਾਉਣ ਵਾਲੀ 'ਡੋਂਗਪੇਂਗ', ਡੇਅਰੀ ਕੰਪਨੀ 'ਮੇਂਗਨੀਊ', ਅਤੇ ਚੀਜ਼ ਨਿਰਮਾਤਾ 'ਮਿਲਕਗ੍ਰਾਊਂਡ' ਨੇ ਐਮਬਾਪੇ ਨਾਲ ਆਪਣੇ ਸਪਾਂਸਰਸ਼ਿਪ ਸਮਝੌਤੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ। ਇਸ ਤੋਂ ਇਲਾਵਾ, ਚੀਨ ਦੇ ਸਰਕਾਰੀ ਬ੍ਰਾਡਕਾਸਟਰ ਨੇ ਦੇਸ਼ ਵਿੱਚ ਸਪੈਨਿਸ਼ ਫੁੱਟਬਾਲ ਲੀਗ 'ਲਾ ਲੀਗਾ' ਦੇ ਪ੍ਰਸਾਰਣ 'ਤੇ ਵੀ ਰੋਕ ਲਗਾ ਦਿੱਤੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਾ ਲੀਗਾ ਅਤੇ ਇਸ ਦੇ ਪ੍ਰਧਾਨ ਹਾਵੀਅਰ ਤੇਬਾਸ ਨੇ ਵੀ ਚੀਨੀ ਪ੍ਰਸ਼ੰਸਕਾਂ ਤੋਂ ਖੇਦ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ।
ਇੱਕ ਇੰਟਰਵਿਊ ਦੌਰਾਨ ਜਦੋਂ ਐਮਬਾਪੇ ਤੋਂ ਉਨ੍ਹਾਂ ਦੇ ਪਸੰਦੀਦਾ ਮੀਮ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਇੱਕ ਵੀਡੀਓ ਦਾ ਜ਼ਿਕਰ ਕਰਦੇ ਹੋਏ ਉਸ ਵਿੱਚ ਦਿਖਾਈ ਦੇਣ ਵਾਲੀ ਸ਼ਖਸੀਅਤ ਨੂੰ 'ਚੀਨੀ ਤਾਨਾਸ਼ਾਹ' ਕਿਹਾ। ਉਸ ਵੀਡੀਓ ਵਿੱਚ ਮਾਓ ਜ਼ੇਡੋਂਗ ਦੇ ਨੀਲੇ ਸੂਟ ਵਾਲੀ ਤਸਵੀਰ 'ਤੇ ਐਮਬਾਪੇ ਦਾ ਚਿਹਰਾ ਐਡਿਟ ਕਰਕੇ ਲਗਾਇਆ ਗਿਆ ਸੀ।
 


author

Shubam Kumar

Content Editor

Related News