NEET-UG ਪ੍ਰੀਖਿਆ 'ਚ ਵੱਡਾ ਅਪਡੇਟ, ਅਗਲੇ ਸਾਲ ਤੋਂ ਆਨਲਾਈਨ ਹੋਵੇਗਾ Exam
Friday, May 15, 2026 - 12:46 PM (IST)
ਨਵੀਂ ਦਿੱਲੀ- ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ NEET-UG ਪ੍ਰੀਖਿਆ 'ਚ ਪਾਰਦਰਸ਼ਤਾ ਲਿਆਉਣ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਕਈ ਅਹਿਮ ਐਲਾਨ ਕੀਤੇ ਹਨ। ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ NEET-UG ਦੀ ਮੁੜ ਪ੍ਰੀਖਿਆ 21 ਜੂਨ ਨੂੰ ਲਈ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਅਗਲੇ ਸਾਲ ਤੋਂ ਇਸ ਪ੍ਰੀਖਿਆ ਨੂੰ ਕੰਪਿਊਟਰ ਆਧਾਰਿਤ ਟੈਸਟ (CBT) ਮੋਡ ਯਾਨੀ ਆਨਲਾਈਨ ਕਰਵਾਉਣ ਦਾ ਫੈਸਲਾ ਕੀਤਾ ਹੈ।
ਸਿੱਖਿਆ ਮੰਤਰੀ ਨੇ ਮੰਨਿਆ ਕਿ 'ਗੈੱਸ ਪੇਪਰਾਂ' ਦੇ ਨਾਂ 'ਤੇ ਪ੍ਰਸ਼ਨ ਪੱਤਰ ਲੀਕ ਹੋਏ ਸਨ। ਉਨ੍ਹਾਂ ਦੱਸਿਆ ਕਿ 8 ਮਈ ਤੋਂ 11 ਮਈ ਤੱਕ ਚੱਲੀ ਜਾਂਚ ਪ੍ਰਕਿਰਿਆ ਤੋਂ ਬਾਅਦ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਪ੍ਰਸ਼ਨ ਪੱਤਰ ਲੀਕ ਹੋਇਆ ਹੈ, ਤਾਂ 12 ਮਈ ਨੂੰ ਪ੍ਰੀਖਿਆ ਰੱਦ ਕਰਨ ਦਾ ਔਖਾ ਫੈਸਲਾ ਲਿਆ ਗਿਆ ਤਾਂ ਜੋ ਕਿਸੇ ਵੀ ਹੋਣਹਾਰ ਉਮੀਦਵਾਰ ਨਾਲ ਬੇਇਨਸਾਫੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ 'ਸਿੱਖਿਆ ਮਾਫੀਆ' ਦੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।
ਵਿਦਿਆਰਥੀਆਂ ਲਈ ਵੱਡੀਆਂ ਸਹੂਲਤਾਂ
ਫੀਸਾਂ ਦੀ ਵਾਪਸੀ: ਸਰਕਾਰ ਰੱਦ ਹੋਈ ਪ੍ਰੀਖਿਆ ਦੀਆਂ ਫੀਸਾਂ ਵਿਦਿਆਰਥੀਆਂ ਨੂੰ ਵਾਪਸ ਕਰੇਗੀ ਅਤੇ ਆਉਣ ਵਾਲੀ ਪ੍ਰੀਖਿਆ ਲਈ ਕੋਈ ਫੀਸ ਨਹੀਂ ਲਈ ਜਾਵੇਗੀ।
ਵਧੇਰੇ ਸਮਾਂ: ਵਿਦਿਆਰਥੀਆਂ ਦੀ ਸਹੂਲਤ ਲਈ ਪ੍ਰੀਖਿਆ ਦਾ ਸਮਾਂ 15 ਮਿੰਟ ਵਧਾ ਦਿੱਤਾ ਗਿਆ ਹੈ। ਹੁਣ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:15 ਵਜੇ ਤੱਕ ਚੱਲੇਗੀ।
ਸ਼ਹਿਰ ਚੁਣਨ ਦੀ ਆਜ਼ਾਦੀ: NTA ਵਿਦਿਆਰਥੀਆਂ ਨੂੰ ਆਪਣੀ ਪਸੰਦ ਦਾ ਪ੍ਰੀਖਿਆ ਕੇਂਦਰ (ਸ਼ਹਿਰ) ਮੁੜ ਚੁਣਨ ਲਈ ਇੱਕ ਹਫ਼ਤੇ ਦਾ ਸਮਾਂ ਦੇਵੇਗਾ।
ਐਡਮਿਟ ਕਾਰਡ: ਪ੍ਰੀਖਿਆ ਲਈ ਐਡਮਿਟ ਕਾਰਡ 14 ਜੂਨ ਤੱਕ ਜਾਰੀ ਕਰ ਦਿੱਤੇ ਜਾਣਗੇ।
NTA ਦੀ ਜਵਾਬਦੇਹੀ
ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਪੂਰੀ ਤਰ੍ਹਾਂ ਜਵਾਬਦੇਹ ਹੈ ਅਤੇ ਇਸ ਵਿੱਚ 'ਜ਼ੀਰੋ ਐਰਰ' (ਸਿਫ਼ਰ ਗਲਤੀ) ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਰਾਧਾਕ੍ਰਿਸ਼ਨਨ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ 2025 ਅਤੇ 2026 ਲਈ ਇੰਨ-ਬਿੰਨ ਲਾਗੂ ਕਰ ਦਿੱਤਾ ਹੈ। ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਵਿਦਿਆਰਥੀਆਂ ਦਾ ਭਵਿੱਖ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਉਹ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ ਤਾਂ ਜੋ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਆਵਾਜਾਈ 'ਚ ਕੋਈ ਮੁਸ਼ਕਲ ਨਾ ਆਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
