ਉੱਚ ਪੱਧਰੀ ਟਾਸਕ ਫੋਰਸ ਨੂੰ ਪ੍ਰੀਖਿਆ ਸੁਧਾਰਾਂ ਨਾਲ ਸਬੰਧਤ ਸਿਫ਼ਾਰਸ਼ਾਂ ਸੌਂਪੀਆਂ

Tuesday, Sep 15, 2026 - 11:08 AM (IST)

ਉੱਚ ਪੱਧਰੀ ਟਾਸਕ ਫੋਰਸ ਨੂੰ ਪ੍ਰੀਖਿਆ ਸੁਧਾਰਾਂ ਨਾਲ ਸਬੰਧਤ ਸਿਫ਼ਾਰਸ਼ਾਂ ਸੌਂਪੀਆਂ

ਨਵੀਂ ਦਿੱਲੀ (ਏਜੰਸੀ) - ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਨੇ ਨੰਦਨ ਨੀਲੇਕਣੀ ਦੀ ਪ੍ਰਧਾਨਗੀ ਵਾਲੀ ਉੱਚ ਪੱਧਰੀ ਟਾਸਕ ਫੋਰਸ ਨੂੰ ਪ੍ਰੀਖਿਆ ਸੁਧਾਰਾਂ ’ਤੇ ਸਿਫ਼ਾਰਸ਼ਾਂ ਦਾ ਇਕ ਸੈੱਟ ਸੌਂਪਿਆ ਹੈ, ਜਿਸ ਵਿਚ ਵੱਧ ਪਾਰਦਰਸ਼ਤਾ, ਮਜ਼ਬੂਤ ਸੁਰੱਖਿਆ ਉਪਾਵਾਂ ਅਤੇ ਪ੍ਰਮੁੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਦੋ-ਪੜਾਵੀ ਪ੍ਰਣਾਲੀ ਵਰਗੇ ਸੁਝਾਅ ਦਿੱਤੇ ਗਏ ਹਨ। ਵਿਦਿਆਰਥੀ ਸੰਗਠਨ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਸੰਗਠਨ ਨੇ ਕਿਹਾ ਕਿ ਉਸ ਦੀਆਂ ਸਿਫ਼ਾਰਸ਼ਾਂ ਪੁਣੇ, ਨਾਗਪੁਰ, ਭੋਪਾਲ, ਦਿੱਲੀ, ਚੰਡੀਗੜ੍ਹ ਅਤੇ ਦੱਖਣੀ ਬਿਹਾਰ ਵਿਚ ਆਯੋਜਿਤ ਗੋਲਮੇਜ਼ ਕਾਨਫਰੰਸਾਂ ਦੌਰਾਨ ਵਿਦਿਆਰਥੀਆਂ ਅਤੇ ਮਾਹਿਰਾਂ ਨਾਲ ਕੀਤੇ ਵਿਚਾਰ-ਵਟਾਂਦਰੇ ’ਤੇ ਆਧਾਰਤ ਹਨ।

ਇਸ ਵਿਚ ਕਿਹਾ ਗਿਆ ਹੈ ਕਿ ਸਿਫ਼ਾਰਸ਼ਾਂ ’ਚ ਤਤਕਾਲ, ਮੱਧਮ-ਮਿਆਦ ਅਤੇ ਲੰਬੇ ਸਮੇਂ ਦੇ ਸੁਧਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦਾ ਮਕਸਦ ਨੀਟ ਸਮੇਤ ਵੱਖ-ਵੱਖ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਨੂੰ ਵੱਧ ਪਾਰਦਰਸ਼ੀ, ਸੁਰੱਖਿਅਤ ਅਤੇ ਵਿਦਿਆਰਥੀ-ਪੱਖੀ ਬਣਾਉਣਾ ਹੈ। ਉਸ ਨੇ ਕਿਹਾ ਕਿ ਇਕ ਮੁੱਖ ਸੁਝਾਅ ਪ੍ਰਮੁੱਖ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਨੂੰ 2 ਪੜਾਵਾਂ ਵਿਚ ਆਯੋਜਿਤ ਕਰਨਾ ਹੈ, ਜਿਸ ਵਿਚ ਪਹਿਲਾ ਪੜਾਅ ਉਮੀਦਵਾਰਾਂ ਨੂੰ ‘ਸ਼ਾਰਟਲਿਸਟ’ ਕਰਨ ਲਈ ਹੋਵੇ ਅਤੇ ਦੂਜਾ ਪੜਾਅ ਅੰਤਿਮ ਚੋਣ ਲਈ। ਏ. ਬੀ. ਵੀ. ਪੀ. ਨੇ ਸਾਲ ਵਿਚ 2 ਵਾਰ ਨੀਟ ਪ੍ਰੀਖਿਆ ਆਯੋਜਿਤ ਕਰਨ ਦੀ ਸੰਭਾਵਨਾ ’ਤੇ ਵੀ ਵਿਚਾਰ ਕਰਨ ਦਾ ਸੁਝਾਅ ਦਿੱਤਾ ਹੈ, ਜਿਸ ਵਿਚ ਵੱਧ ਤੋਂ ਵੱਧ ਪ੍ਰਾਪਤ ਅੰਕਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ।

ਹੋਰ ਸਿਫ਼ਾਰਸ਼ਾਂ ਵਿਚ ਕੰਪਿਊਟਰ-ਆਧਾਰਤ ਪ੍ਰੀਖਿਆਵਾਂ ’ਤੇ ਵੱਧ ਜ਼ੋਰ, ਮਜ਼ਬੂਤ ਪ੍ਰਸ਼ਨ-ਪੱਤਰ ਸੁਰੱਖਿਆ, ਪ੍ਰੀਖਿਆ ਕੇਂਦਰਾਂ ਲਈ ਇਕਸਾਰ ਰਾਸ਼ਟਰੀ ਮਾਪਦੰਡ ਅਤੇ ਮਜ਼ਬੂਤ ਉਮੀਦਵਾਰ ਵੈਰੀਫਿਕੇਸ਼ਨ ਤੇ ਡਾਟਾ ਸੁਰੱਖਿਆ ਪ੍ਰਣਾਲੀ ਸ਼ਾਮਲ ਹਨ। ਏ. ਬੀ. ਵੀ. ਪੀ. ਨੇ ਲੰਬੇ ਸਮੇਂ ਦੇ ਸੁਧਾਰਾਂ ਲਈ ਪਾਠਕ੍ਰਮ, ਪੜ੍ਹਾਈ, ਮੁਲਾਂਕਣ ਅਤੇ ਦਾਖਲਾ ਪ੍ਰੀਖਿਆਵਾਂ ਵਿਚਾਲੇ ਬਿਹਤਰ ਤਾਲਮੇਲ ਦਾ ਸੱਦਾ ਦਿੱਤਾ ਹੈ। ਉਸ ਨੇ ਕੋਚਿੰਗ ’ਤੇ ਨਿਰਭਰਤਾ ਘਟਾਉਣ ਲਈ ਸੰਸਥਾਗਤ ਸਿੱਖਿਆ ਨੂੰ ਮਜ਼ਬੂਤ ਕਰਨ, ਕਰੀਅਰ ਕਾਊਂਸਲਿੰਗ ਅਤੇ ਯੋਗਤਾ-ਅਾਧਾਰਤ ਮੁਲਾਂਕਣ ਸ਼ੁਰੂ ਕਰਨ, ਪ੍ਰਮੁੱਖ ਸੁਧਾਰਾਂ ਨੂੰ ਪਾਇਲਟ ਪ੍ਰਾਜੈਕਟਾਂ, ਸਮੀਖਿਆਵਾਂ ਅਤੇ ਸੁਤੰਤਰ ਆਡਿਟ ਰਾਹੀਂ ਪੜਾਅਵਾਰ ਤਰੀਕੇ ਨਾਲ ਲਾਗੂ ਕਰਨ ਦੀ ਵੀ ਸਿਫ਼ਾਰਸ਼ ਕੀਤੀ।


author

cherry

Content Editor

Related News