3100 ਕਰੋੜ ਤੋਂ ਵੱਧ ਦੇ ਜਾਅਲੀ ਬਿੱਲਾਂ ਦਾ ਫਰਜ਼ੀਵਾੜਾ, 275 ਫਰਜ਼ੀ ਫਰਮਾਂ ਦਾ DGGI ਗਾਜ਼ੀਆਬਾਦ ਵੱਲੋਂ ਪਰਦਾਫਾਸ਼
Friday, Jan 28, 2022 - 05:40 PM (IST)
ਜੈਤੋ (ਰਘੁਨੰਦਨ ਪਰਾਸ਼ਰ)-ਵਿੱਤ ਮੰਤਰਾਲਾ ਨੇ ਕਿਹਾ ਕਿ ਮਾਲ ਤੇ ਸੇਵਾ ਟੈਕਸ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਜੀ. ਆਈ.), ਗਾਜ਼ੀਆਬਾਦ ਖੇਤਰੀ ਯੂਨਿਟ ਨੇ ਇਕ ਅਜਿਹੇ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ, ਜੋ ਫਰਜ਼ੀ ਫਰਮਾਂ ਬਣਾ ਕੇ ਜਾਅਲੀ ਬਿੱਲ ਜਾਰੀ ਕਰਦਾ ਸੀ। ਇਸ ਫਰਜ਼ੀਵਾੜੇ ’ਚ ਇਹ ਸਿੰਡੀਕੇਟ ਬਿਨਾਂ ਕੋਈ ਮਾਲ ਭੇਜੇ ਜਾਂ ਸੇਵਾ ਦਿੱਤੇ ਹੀ ਜੀ. ਐੱਸ. ਟੀ. ਰੀਫੰਡ ਨੂੰ ਭੁਨਾ ਲੈਂਦਾ ਸੀ। ਸਹੀ ਗੁਪਤ ਸੂਚਨਾ ਮਿਲਣ ਤੋਂ ਬਾਅਦ ਦੋ ਥਾਵਾਂ ਦੀ ਛਾਣਬੀਣ ਕੀਤੀ ਗਈ, ਜਿਥੋਂ ਵੱਖ-ਵੱਖ ਇਤਰਾਜ਼ਯੋਗ ਦਸਤਾਵੇਜ਼/ਵਸਤੂਆਂ ਮਿਲੀਆਂ, ਜੋ 200 ਤੋਂ ਵੱਧ ਫਰਜ਼ੀ ਫਰਮਾਂ ਸਨ, ਜਿਵੇਂ ਕਿ ਮੋਬਾਈਲ ਫੋਨ, ਡਿਜੀਟਲ ਦਸਤਖਤ, ਡੈਬਿਟ ਕਾਰਡ, ਪੈਨ ਕਾਰਡ, ਆਧਾਰ ਕਾਰਡ, ਲੋਕਾਂ ਦੀਆਂ ਫੋਟੋਆਂ, ਕਿਰਾਏਦਾਰੀ ਸਮਝੌਤਾ, ਲੈਪਟਾਪ, ਪੈੱਨ ਡਰਾਈਵ, ਸੀਲਾਂ, ਦਫਤਰ ਦੀਆਂ ਚਾਬੀਆਂ, ਸਿਮ ਕਾਰਡ, ਚੈੱਕ-ਬੁੱਕ ਅਤੇ ਕੁਝ ਕੱਚੇ ਦਸਤਾਵੇਜ਼।
ਡੂੰਘਾਈ ਨਾਲ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸ ਫਰਜ਼ੀਵਾੜੇ ’ਚ ਕਲਾਊਡ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਸਭ ਨੂੰ ਜਮ੍ਹਾ ਕੀਤਾ ਗਿਆ। ਅੰਕੜਿਆਂ ਅਤੇ ਸਬੂਤਾਂ ਦੀ ਘੋਖ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਇਸ ਘਪਲੇ ’ਚ 275 ਫਰਜ਼ੀ ਫਰਮਾਂ ਹਨ, ਜੋ ਸਿਰਫ ਕਾਗਜ਼ ’ਤੇ ਮੌਜੂਦ ਹਨ। ਇਹ ਫਰਜ਼ੀ ਫਰਮਾਂ ਫਰਜ਼ੀ ਬਿੱਲ ਜਾਰੀ ਕਰਦੀਆਂ ਸਨ। ਇਸ ਤਰ੍ਹਾਂ ਕੁਲ 3189 ਕਰੋੜ ਰੁਪਏ ਦੇ ਫਰਜ਼ੀ ਬਿੱਲ ਮਿਲੇ ਹਨ, ਜਿਨ੍ਹਾਂ ਰਾਹੀਂ 362 ਕਰੋੜ ਰੁਪਏ ਦਾ ਜੀ. ਐੱਸ. ਟੀ. ਚੋਰੀ ਕੀਤਾ ਗਿਆ ਸੀ। ਫਰਜ਼ੀ ਫਰਮਾਂ ਬਣਾਉਣ ਦੀ ਨੀਅਤ ਨਾਲ ਲੋਕਾਂ ਦੇ ਪਛਾਣ ਪੱਤਰ ਜਮ੍ਹਾ ਕਰਨ ਦਾ ਕੰਮ ਕਰਨ ਵਾਲੇ ਸਰਗਣੇ ਦੇ ਨਾਂ ਟਿੰਕੂ ਯਾਦਵ ਹੈ, ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਟਿੰਕੂ ਯਾਦਵ ਨੇ ਜੋ ਸੂਚਨਾ ਦਿੱਤੀ ਅਤੇ ਕਈ ਆਈ.ਪੀ. ਐਡਰੈੱਸਾਂ ਦੀ ਜਾਂਚ ਕਰਨ ’ਤੇ ਅਸਲ ਮਾਸਟਰ-ਮਾਈਂਡ ਲੋਕਾਂ ਦਾ ਪਤਾ ਲੱਗ ਸਕਿਆ, ਜਿਨ੍ਹਾਂ ਦੇ ਨਾਂ ਵਿਪਨ ਕੁਮਾਰ ਉਰਫ਼ ਨਿੱਕੂ ਅਤੇ ਯੋਗੇਸ਼ ਮਿੱਤਲ ਹਨ। ਇਨ੍ਹਾਂ ਦੋਵਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਵਿਪਨ ਕੁਮਾਰ ਗੁਪਤਾ ਅਤੇ ਯੋਗੇਸ਼ ਮਿੱਤਲ ਆਦਤਨ ਅਪਰਾਧੀ ਹਨ। ਦੋਵਾਂ ਅਪਰਾਧੀਆਂ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੇ ਹਨ।