ਤਿਰੂਮਾਲਾ ਮੰਦਰ ’ਚ 1 ਕਰੋੜ ਰੁਪਏ ਦਾਨ ਦੇਣ ਵਾਲੇ ਸ਼ਰਧਾਲੂਆਂ ਨੂੰ ਮਿਲੇਗੀ ਵਿਸ਼ੇਸ਼ ਸਹੂਲਤ
Thursday, Apr 03, 2025 - 10:27 PM (IST)

ਤਿਰੂਮਾਲਾ, (ਯੂ. ਐੱਨ. ਆਈ.)- ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ.) ਨੇ ਵੀਰਵਾਰ ਨੂੰ ਕਿਹਾ ਕਿ ਤਿਰੂਮਾਲਾ ਮੰਦਰ ਨੂੰ 1 ਕਰੋੜ ਰੁਪਏ ਦਾਨ ਕਰਨ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਟੀ. ਟੀ. ਡੀ. ਸੂਤਰਾਂ ਮੁਤਾਬਕ ਵਿਸ਼ੇਸ਼ ਤਿਉਹਾਰਾਂ ਨੂੰ ਛੱਡ ਕੇ ਹੋਰ ਦਿਨਾਂ ’ਤੇ ਦਾਨ ਕਰਨ ਵਾਲੇ ਸ਼ਰਧਾਲੂ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਵਿਸ਼ੇਸ਼ ਸਹੂਲਤਾਂ ਦਾ ਲਾਭ ਉਠਾ ਸਕਦੇ ਹਨ।
ਉਨ੍ਹਾਂ ਕਿਹਾ ਕਿ 1 ਕਰੋੜ ਰੁਪਏ ਦਾਨ ਕਰਨ ਵਾਲੇ ਦਾਨੀ 4 ਹੋਰ ਲੋਕਾਂ ਦੇ ਨਾਲ 3 ਦਿਨਾਂ ਲਈ ਸ਼੍ਰੀਵਾਰੀ ਸੁਪ੍ਰਭਾਤ ਸੇਵਾ ਦੇ ਦਰਸ਼ਨ ਅਤੇ 3 ਦਿਨਾਂ ਤੱਕ ਬ੍ਰੇਕ ਦਰਸ਼ਨ ਅਤੇ 4 ਦਿਨਾਂ ਲਈ ਸੁਪਥਮ ਦਰਸ਼ਨ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ 10 ਵੱਡੇ ਲੱਡੂ, 20 ਛੋਟੇ ਲੱਡੂ, ਇਕ ਦੁਪੱਟਾ, ਇਕ ਬਲਾਊਜ, 10 ਮਹਾਪ੍ਰਸਾਦਮ ਪੈਕੇਟ, ਇਕ ਵਾਰ ਵੈਦਿਕ ਆਸ਼ੀਰਵਾਦ ਦੇ ਨਾਲ-ਨਾਲ 3 ਦਿਨਾਂ ਲਈ 3,000 ਰੁਪਏ ਦੇ ਕਮਰੇ ਵਿਚ ਰਹਿਣ ਦੀ ਸਹੂਲਤ ਮਿਲੇਗੀ।