ਮੰਦਰ ਦੀ ਦਾਨ ਪੇਟੀ ''ਚੋਂ ਨਿਕਲੇ 46 ਕਰੋੜ ਨਕਦ, 3 ਕਿੱਲੋ ਸੋਨਾ ਤੇ 152 ਕਿੱਲੋ ਚਾਂਦੀ, ਟੁੱਟ ਗਏ ਸਾਰੇ ਰਿਕਾਰਡ
Thursday, Mar 12, 2026 - 03:59 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ਵਿੱਚ ਸਥਿਤ ਪ੍ਰਸਿੱਧ ਕ੍ਰਿਸ਼ਨ ਧਾਮ ਸ੍ਰੀ ਸਾਂਵਲੀਆ ਸੇਠ ਮੰਦਰ ਵਿੱਚ ਇਸ ਵਾਰ ਸ਼ਰਧਾ ਤੇ ਦਾਨ ਦਾ ਇੱਕ ਨਵਾਂ ਅਧਿਆਇ ਲਿਖਿਆ ਗਿਆ ਹੈ। ਮੰਦਰ ਦੇ ਮਹੀਨਾਵਾਰ ਭੰਡਾਰ ਦੀ ਗਣਨਾ ਦੇ ਹਾਲੀਆ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੰਦਰ ਪ੍ਰਸ਼ਾਸਨ ਅਨੁਸਾਰ ਸੱਤਵੇਂ ਤੇ ਅੰਤਿਮ ਪੜਾਅ ਦੀ ਗਣਨਾ ਤੋਂ ਬਾਅਦ ਕੁੱਲ ਦਾਨ ਰਾਸ਼ੀ 46 ਕਰੋੜ 58 ਲੱਖ ਰੁਪਏ ਤੋਂ ਪਾਰ ਪਹੁੰਚ ਗਈ ਹੈ।
ਮੰਦਰ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੰਦਰ ਦੇ ਮੁੱਖ ਭੰਡਾਰ (ਦਾਨ ਪਾਤਰ) ਵਿੱਚੋਂ 36 ਕਰੋੜ 57 ਲੱਖ 87 ਹਜ਼ਾਰ 642 ਰੁਪਏ ਪ੍ਰਾਪਤ ਹੋਏ ਹਨ। ਇਸ ਤੋਂ ਇਲਾਵਾ ਆਨਲਾਈਨ ਡੋਨੇਸ਼ਨ ਰਾਹੀਂ 10 ਕਰੋੜ 45 ਹਜ਼ਾਰ 282 ਰੁਪਏ ਦੀ ਰਾਸ਼ੀ ਮਿਲੀ ਹੈ। ਨਕਦੀ ਦੇ ਨਾਲ-ਨਾਲ ਸ਼ਰਧਾਲੂਆਂ ਨੇ ਦਿਲ ਖੋਲ੍ਹ ਕੇ ਸੋਨਾ ਤੇ ਚਾਂਦੀ ਵੀ ਅਰਪਿਤ ਕੀਤਾ ਹੈ। ਗਣਨਾ ਦੌਰਾਨ 2 ਕਿੱਲੋ 967 ਗ੍ਰਾਮ ਸੋਨਾ ਅਤੇ 152 ਕਿੱਲੋ 609 ਗ੍ਰਾਮ ਚਾਂਦੀ ਭੇਟ ਵਜੋਂ ਪ੍ਰਾਪਤ ਹੋਈ ਹੈ।
ਕੌਣ ਹਨ ਸਾਂਵਲੀਆ ਸੇਠ ਤੇ ਕੀ ਹੈ ਇਤਿਹਾਸ?
ਸਾਂਵਲੀਆ ਸੇਠ ਮੰਦਰ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਾਂਵਲੇ ਸਰੂਪ ਦੀ ਪੂਜਾ ਕੀਤੀ ਜਾਂਦੀ ਹੈ। ਲੋਕ ਕਥਾਵਾਂ ਅਨੁਸਾਰ, ਸਾਲ 1840 ਵਿੱਚ ਭੋਲਾਰਾਮ ਗੁਰਜਰ ਨਾਮ ਦੇ ਇੱਕ ਗਵਾਲੇ ਨੂੰ ਸੁਪਨੇ ਵਿੱਚ ਭਗਵਾਨ ਦੇ ਦਰਸ਼ਨ ਹੋਏ ਸਨ, ਜਿਸ ਤੋਂ ਬਾਅਦ ਖੁਦਾਈ ਦੌਰਾਨ ਭਗਵਾਨ ਕ੍ਰਿਸ਼ਨ ਦੀਆਂ ਤਿੰਨ ਮਨਮੋਹਕ ਮੂਰਤੀਆਂ ਨਿਕਲੀਆਂ ਸਨ। ਇਨ੍ਹਾਂ ਵਿੱਚੋਂ ਇੱਕ ਮੂਰਤੀ ਮੰਡਫੀਆ ਪਿੰਡ ਵਿੱਚ ਸਥਾਪਿਤ ਕੀਤੀ ਗਈ, ਜਿੱਥੇ ਅੱਜ ਇਹ ਵਿਸ਼ਾਲ ਮੰਦਰ ਸਥਿਤ ਹੈ। ਧਾਰਮਿਕ ਮਾਨਤਾ ਹੈ ਕਿ ਇਹ ਉਹੀ ਮੂਰਤੀ ਹੈ ਜਿਸ ਦੀ ਪੂਜਾ ਭਗਤ ਮੀਰਾ ਬਾਈ ਕਰਦੀ ਸੀ।
ਵਪਾਰੀਆਂ ਵਿੱਚ ਹੈ ਵਿਸ਼ੇਸ਼ ਆਸਥਾ
ਇਸ ਮੰਦਰ ਵਿੱਚ ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼, ਗੁਜਰਾਤ ਅਤੇ ਦਿੱਲੀ ਸਮੇਤ ਕਈ ਰਾਜਾਂ ਤੋਂ ਲੱਖਾਂ ਸ਼ਰਧਾਲੂ ਪਹੁੰਚਦੇ ਹਨ। ਖਾਸ ਕਰਕੇ ਵਪਾਰੀ ਵਰਗ ਵਿੱਚ ਇਸ ਮੰਦਰ ਪ੍ਰਤੀ ਅਥਾਹ ਸ਼ਰਧਾ ਹੈ। ਮੰਨਿਆ ਜਾਂਦਾ ਹੈ ਕਿ ਸਾਂਵਲੀਆ ਸੇਠ ਦੇ ਦਰਬਾਰ ਵਿੱਚ ਪ੍ਰਾਰਥਨਾ ਕਰਨ ਨਾਲ ਵਪਾਰ ਵਿੱਚ ਵਾਧਾ, ਆਰਥਿਕ ਖੁਸ਼ਹਾਲੀ ਅਤੇ ਜੀਵਨ ਦੀਆਂ ਮੁਸ਼ਕਲਾਂ ਤੋਂ ਨਿਜਾਤ ਮਿਲਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
