ਦਬਾਅ ਦੇ ਬਾਵਜੂਦ ਮੋਦੀ ਮਣੀਪੁਰ ’ਚ ਆਰਟੀਕਲ 356 ਲਗਾਉਣ ਦੇ ਵਿਰੁੱਧ

06/25/2023 3:34:56 PM

ਨਵੀਂ ਦਿੱਲੀ- ਸਮਝਿਆ ਜਾਂਦਾ ਹੈ ਕਿ 20 ਜੂਨ ਨੂੰ ਅਮਰੀਕਾ ਅਤੇ ਮਿਸਰ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਅਤੇ ਸਰਕਾਰ ਦੇ ਸੀਨੀਅਰ ਨੇਤਾਵਾਂ ਨੂੰ ਕਹਿ ਦਿੱਤਾ ਸੀ ਕਿ ਮਣੀਪੁਰ ’ਚ ਨਸਲੀ ਹਿੰਸਾ ਛੇਤੀ ਤੋਂ ਛੇਤੀ ਕਾਬੂ ਕੀਤੀ ਜਾਣੀ ਚਾਹੀਦੀ ਹੈ। ਪਿਛਲੇ 50 ਦਿਨਾਂ ’ਚ ਹੋਈ ਨਸਲੀ ਹਿੰਸਾ ’ਚ 100 ਤੋਂ ਵੱਧ ਲੋਕ ਮਾਰੇ ਗਏ ਹਨ, ਘਰ ਸਾੜ ਦਿੱਤੇ ਗਏ ਹਨ ਅਤੇ 50,000 ਲੋਕ ਉਜੜ ਗਏ ਹਨ। ਇਕ ਪਾਸੇ ਕੁਕੀ ਵਿਧਾਇਕਾਂ, ਜਿਨ੍ਹਾਂ ’ਚ ਕੁਝ ਭਾਜਪਾ ਤੋਂ ਵੀ ਹਨ, ਨੇ ਸੂਬਾ ਪੁਲਸ ਨੂੰ ਦੋਸ਼ੀ ਠਹਿਰਾਇਆ ਹੈ, ਦੂਜੇ ਪਾਸੇ ਮੇਈਤੀ ਭਾਈਚਾਰੇ ਨੇ ਆਸਾਮ ਰਾਈਫਲਸ ’ਤੇ ਕੁਕੀ ਬਾਗੀਆਂ ਦੀ ਮਦਦ ਕਰਨ ਦਾ ਦੋਸ਼ ਲਗਾਇਆ ਹੈ।

ਪਿਛਲੇ 9 ਸਾਲਾਂ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਦੇ ਵੀ ਕਿਸੇ ਸੂਬੇ ’ਚ ਰਾਸ਼ਟਰਪਤੀ ਰਾਜ ਨਹੀਂ ਲਗਾਇਆ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ’ਚ ਭਾਰੀ ਹਿੰਸਾ ਤੋਂ ਬਾਅਦ ਮਮਤਾ ਬੈਨਰਜੀ ਸਰਕਾਰ ਨੂੰ ਬਰਖਾਸਤ ਕਰਨ ਦਾ ਬੇਹੱਦ ਦਬਾਅ ਸੀ ਪਰ ਮੋਦੀ ਨੇ ਜਾਇਜ਼ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਬਰਖਾਸਤ ਕਰਨ ਲਈ ਆਰਟੀਕਲ 356 ਦੀ ਵਰਤੋਂ ਨਹੀਂ ਕੀਤੀ। ਇਸੇ ਤਰ੍ਹਾਂ ਦਾ ਦਬਾਅ ਝਾਰਖੰਡ ’ਚ ਰਾਸ਼ਟਰਪਤੀ ਰਾਜ ਲਗਾਉਣ ਦਾ ਵੀ ਸੀ ਪਰ ਮੋਦੀ ਦਬਾਅ ਅੱਗੇ ਝੁਕੇ ਨਹੀਂ।

ਅਜਿਹਾ ਕਿਹਾ ਜਾਂਦਾ ਹੈ ਕਿ ਮਣੀਪੁਰ ’ਚ ਕੇਂਦਰ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ 1967-2002 ਵਿਚਾਲੇ 10 ਵਾਰ ਰਾਸ਼ਟਰਪਤੀ ਰਾਜ ਲਗਾਇਆ ਗਿਆ ਸੀ ਪਰ ਮੋਦੀ ਸਰਕਾਰ ਸੂਬੇ ਨੂੰ ਆਮ ਵਰਗੀ ਸਥਿਤੀ ਬਹਾਲ ਕਰਨ ’ਚ ਮਦਦ ਕਰੇਗੀ ਕਿਉਂਕਿ ਰਾਸ਼ਟਰਪਤੀ ਰਾਜ ਕੋਈ ਹੱਲ ਨਹੀਂ ਹੈ।

ਮੋਦੀ ਦੀ ਅਗਵਾਈ ’ਚ ਕੁਝ ਸੂਬਿਆਂ ’ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਗਿਆ ਕਿਉਂਕਿ ਸੱਤਾਧਾਰੀ ਕਾਂਗਰਸੀ ਵਿਧਾਇਕਾਂ ਨੇ ਗਠਜੋੜ ਸਹਿਯੋਗੀਆਂ ਤੋਂ ਸਮਰਥਨ ਵਾਪਸ ਲੈ ਲਿਆ ਸੀ। ਅਰੁਣਾਚਲ ਪ੍ਰਦੇਸ਼, ਪੁਡੁਚੇਰੀ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਨੂੰ ਇਸ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਥੋਂ ਤੱਕ ਕਿ ਦਿੱਲੀ ’ਚ ਕੁਝ ਸਮੇਂ ਲਈ ਰਾਸ਼ਟਰਪਤੀ ਰਾਜ ਵੀ ਲੱਗਿਆ ਕਿਉਂਕਿ 2014 ’ਚ ਅਰਵਿੰਦ ਕੇਜਰੀਵਾਲ ਨੇ ਖੁਦ ਅਸਤੀਫਾ ਦੇ ਦਿੱਤਾ ਸੀ ਅਤੇ ਕੋਈ ਹੋਰ ਪਾਰਟੀ ਸਰਕਾਰ ਬਣਾਉਣ ਦੀ ਹਾਲਤ ’ਚ ਨਹੀਂ ਸੀ। ਭਾਜਪਾ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਅਹੁਦੇ ’ਤੇ ਬਣੇ ਰਹਿਣ ਨੂੰ ਲੈ ਕੇ ਦੁਚਿੱਤੀ ’ਚ ਹੈ ਕਿਉਂਕਿ ਉਹ ਸਥਿਤੀ ਨੂੰ ਸੰਭਾਲਣ ’ਚ ਅਸਮਰਥ ਹਨ।


Rakesh

Content Editor

Related News