ਟੀਕਾ ਲੁਆਉਣ ਦੇ ਬਾਵਜੂਦ ਇਨਫੈਕਸ਼ਨ ਹੋਣ ਦੇ ਵਧੇਰੇ ਮਾਮਲਿਆਂ ਲਈ ਡੈਲਟਾ ਵੇਰੀਐਂਟ ਜ਼ਿੰਮੇਵਾਰ
Saturday, Jul 17, 2021 - 10:58 AM (IST)
ਨਵੀਂ ਦਿੱਲੀ– ਕੋਵਿਡ-19 ਰੋਕੂ ਟੀਕਾਕਰਨ ਕਰਵਾਉਣ ਦੇ ਬਾਵਜੂਦ ਇਨਫੈਕਸ਼ਨ ਦੀ ਲਪੇਟ ਵਿਚ ਆਉਣ ਵਾਲੇ ਵਧੇਰੇ ਮਾਮਲਿਆਂ ’ਚ ਇਨਫੈਕਸ਼ਨ ਦਾ ਕਾਰਨ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਹੈ। ਭਾਰਤੀ ਆਯੁਰ ਵਿਗਿਆਨ ਖੋਜ ਕੌਂਸਲ (ਆਈ. ਸੀ. ਐੱਮ. ਆਰ.) ਦੇ ਇਕ ਨਵੇਂ ਅਧਿਐਨ ਵਿਚ ਇਸ ਸਬੰਧੀ ਪਤਾ ਲੱਗਾ ਹੈ। ਟੀਕਾਕਰਨ ਪਿੱਛੋਂ ਇਨਫੈਕਸ਼ਨ ਹੋਣ ਨੂੰ ‘ਬ੍ਰੇਕਥਰੂ ਇਨਫੈਕਸ਼ਨ’ ਕਿਹਾ ਜਾਂਦਾ ਹੈ। ਭਾਰਤ ਵਿਚ ਇਸ ਬ੍ਰੇਕਥਰੂ ਇਨਫੈਕਸ਼ਨ ਭਾਵ ਟੀਕਾਕਰਨ ਤੋਂ ਬਾਅਦ ਹੋਈ ਇਨਫੈਕਸ਼ਨ ਦੇ ਮਾਮਲਿਆਂ ਦੀ ਪੜਤਾਲ ਕਰਨ ਦੀ ਇਹ ਸਭ ਤੋਂ ਵੱਡੀ ਅਤੇ ਪਹਿਲੀ ਦੇਸ਼ ਪੱਧਰੀ ਮੁਹਿੰਮ ਹੈ।
ਭਿਆਨਕ ਲਹਿਰਾਂ ਆਉਣ ਤੋਂ ਰੋਕਣ ਲਈ ਟੀਕਾਕਰਨ ਹੀ ਹੈ ਹਥਿਆਰ
ਇਸ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੀਆਂ ਹੋਰ ਭਿਆਨਕ ਲਹਿਰਾਂ ਆਉਣ ਤੋਂ ਰੋਕਣ ਲਈ ਟੀਕਾਕਰਨ ਮੁਹਿੰਮ ਵਧਾਈ ਜਾਣੀ ਚਾਹੀਦੀ ਹੈ। ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾਕਰਨ ਕਰਨਾ ਸਭ ਤੋਂ ਅਹਿਮ ਰਣਨੀਤੀ ਹੋਵੇਗੀ। ਇਸ ਨਾਲ ਸਿਹਤ ਪ੍ਰਣਾਲੀ ’ਤੇ ਭਾਰ ਵੀ ਘੱਟ ਹੋਵੇਗਾ। ਸਾਰਸ-ਸੀ. ਓ. ਵੀ. 2 ਦੇ 2 ਨਵੇਂ ਰੂਪਾਂ ਡੈਲਟਾ ਏ. ਵਾਈ.1 ਅਤੇ ਏ. ਵਾਈ.-2 ਦੀ ਵੀ ਇਸ ਅਧਿਐਨ ਦੇ ਨਮੂਨਿਆਂ ਵਿਚ ਪਛਾਣ ਕੀਤੀ ਗਈ। ਅਧਿਐਨ ਮੁਤਾਬਕ ਭਾਰਤ ਦੇ ਵਧੇਰੇ ਹਿੱਸਿਆਂ ਵਿਚ ਅਜਿਹੇ ਮਾਮਲਿਆਂ ਦਾ ਕਾਰਨ ਡੈਲਟਾ ਵੇਰੀਐਂਟ ਹੀ ਹੈ ਪਰ ਉੱਤਰੀ ਖੇਤਰ ਵਿਚ ਕੋਰੋਨਾ ਵਾਇਰਸ ਦਾ ਅਲਫਾ ਵੇਰੀਐਂਟ ਭਾਰੂ ਹੈ। ਅਧਿਐਨ ਲਈ ਨਮੂਨੇ ਮਹਾਰਾਸ਼ਟਰ, ਕੇਰਲ, ਗੁਜਰਾਤ, ਉੱਤਰਾਖੰਡ, ਕਰਨਾਟਕ, ਮਣੀਪੁਰ, ਆਸਾਮ, ਜੰਮੂ-ਕਸ਼ਮੀਰ, ਚੰਡੀਗੜ੍ਹ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਪੁੱਡੂਚੇਰੀ, ਨਵੀਂ ਦਿੱਲੀ, ਪੱਛਮੀ ਬੰਗਾਲ, ਤਾਮਿਲਨਾਡੂ ਤੇ ਝਾਰਖੰਡ ਤੋਂ ਲਏ ਗਏ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ- ਲੱਗਦਾ ਹੈ ਹੁਣ ਦੇਸ਼ 'ਚ ਹੋਵੇਗੀ ਜੰਗ
ਅਧਿਐਨ ਦੇ ਅੰਕੜੇ
1- ਕੋਵਿਸ਼ੀਲਡ ਜਾਂ ਕੋਵੈਕਸੀਨ ਦੇ ਇਕ ਜਾਂ ਦੋਵੇਂ ਟੀਕੇ ਲੁਆਉਣ ਪਿੱਛੋਂ ਇਨਫੈਕਸ਼ਨ ਦਾ ਸ਼ਿਕਾਰ ਹੋਏ 677 ਵਿਅਕਤੀਆਂ ਦੇ ਨਮੂਨੇ ਲਏ ਗਏ।
2- 677 ਵਿਚੋਂ 604 ਮਰੀਜ਼ਾਂ ਨੂੰ ਕੋਵਿਸ਼ੀਲਡ ਦਾ ਟੀਕਾ ਲੱਗਾ ਸੀ। 71 ਨੂੰ ਕੋਵੈਕਸੀਨ ਅਤੇ 2 ਨੂੰ ਸਾਈਨੋਫਾਰਮ ਦਾ ਟੀਕਾ ਲਾਇਆ ਗਿਆ ਸੀ।
3- ਵਧੇਰੇ ਮਾਮਲਿਆਂ (86.09 ਫੀਸਦੀ) ਵਿਚ ਇਨਫੈਕਸ਼ਨ ਡੈਲਟਾ ਵੇਰੀਐਂਟ ਕਾਰਨ ਹੋਇਆ।
4- ਮੌਤ ਦੀ ਦਰ ਮੁਸ਼ਕਲ ਨਾਲ 0.4 ਫੀਸਦੀ ਰਹੀ।
5- ਨਮੂਨੇ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਤੋਂ ਲਏ ਗਏ।