ਦਿੱਲੀ ਹਿੰਸਾ : ਹੁਣ ਤੱਕ 24 ਮੌਤਾਂ, 18 ਲੋਕਾਂ 'ਤੇ FIR, 106 ਗ੍ਰਿਫਤਾਰ
Thursday, Feb 27, 2020 - 01:37 AM (IST)
ਨਵੀਂ ਦਿੱਲੀ (ਏਜੰਸੀ)- ਉੱਤਰ-ਪੂਰਬੀ ਦਿੱਲੀ ਵਿਚ ਭੜਕੀ ਹਿੰਸਾ ਵਿਚ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਪੁਲਸ ਨੇ ਦਿੱਲੀ ਹਿੰਸਾ ਵਿਚ ਕਥਿਤ ਸ਼ਮੂਲੀਅਤ ਨੂੰ ਲੈ ਕੇ 106 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 18 ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ। ਅਡੀਸ਼ਨਲ ਪੁਲਸ ਕਮਿਸ਼ਨਰ (ਕ੍ਰਾਈਮ) ਮਨਦੀਪ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੁੱਧਵਾਰ ਨੂੰ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਉੱਤਰ-ਪੂਰਬੀ ਦਿੱਲੀ ਤੋਂ ਆਉਣ ਵਾਲੀਆਂ ਪੀ.ਸੀ.ਆਰ. ਕਾਲਾਂ ਵੀ ਘੱਟ ਗਈਆਂ ਹਨ। ਪੁਲਸ ਨੇ ਮੁਸ਼ਕਲ ਵਿਚ ਫੱਸੇ ਲੋਕਾਂ ਨੂੰ ਸੰਪਰਕ ਕਰਨ ਲਈ ਦੋ ਹੈਲਪਲਾਈਨ ਨੰਬਰ 011-22829334, 22829335 ਜਾਰੀ ਕੀਤੇ ਹਨ।
ਇਸ ਤੋਂ ਪਹਿਲਾਂ ਰੰਧਾਵਾ ਨੇ ਕਿਹਾ ਕਿ ਹਿੰਸਾਗ੍ਰਸਤ ਇਲਾਕਿਆਂ ਵਿਚ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਹੈ। ਸਾਰੀਆਂ ਥਾਵਾਂ ਭਰਪੂਰ ਮਾਤਰਾ ਵਿਚ ਫੋਰਸ ਤਾਇਨਾਤ ਕੀਤੀ ਗਈ। ਦੱਸ ਦਈਏ ਕਿ ਉੱਤਰ ਪੂਰਬੀ ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਈ ਹਿੰਸਾ ਵਿਚ ਹੁਣ ਤੱਕ ਤਕਰੀਬਨ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ ਦਿੱਲੀ ਪੁਲਸ ਦਾ ਇਕ ਜਵਾਨ ਸ਼ਹੀਦ ਹੋਇਆ ਹੈ। ਇਸ ਤੋਂ ਇਲਾਵਾ ਇਕ ਆਈ.ਬੀ. ਅਧਿਕਾਰੀ ਦੀ ਮੌਤ ਦੀ ਖਬਰ ਵੀ ਹੈ।