ਉੱਤਰੀ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ''ਚ ਦੁਕਾਨਾਂ ਬੰਦ, ਦਹਿਸ਼ਤ ਦਾ ਮਾਹੌਲ
Thursday, Feb 27, 2020 - 12:15 PM (IST)
ਨਵੀਂ ਦਿੱਲੀ (ਭਾਸ਼ਾ)— ਉੱਤਰੀ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਹਿੰਸਾ ਦੀਆਂ ਕੁਝ ਘਟਨਾਵਾਂ ਦਰਜ ਕੀਤੀਆਂ ਗਈਆਂ। ਜਾਫਰਾਬਾਦ, ਮੌਜਪੁਰ, ਚਾਂਦ ਬਾਗ, ਗੋਕੁਲਪੁਰੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸ਼ਾਂਤੀ ਰਹੀ ਪਰ ਖੌਫ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵੀਰਵਾਰ ਭਾਵ ਅੱਜ ਮਰਨ ਵਾਲਿਆਂ ਦੀ ਗਿਣਤੀ 32 ਤਕ ਪਹੁੰਚ ਗਈ ਹੈ। ਜ਼ਿਆਦਾਤਰ ਦੁਕਾਨਾਂ ਬੰਦ ਹਨ ਅਤੇ ਉਨ੍ਹਾਂ ਦੇ ਦਰਵਾਜ਼ਿਆਂ 'ਤੇ ਹਿੰਸਾ ਦੇ ਨਿਸ਼ਾਨ ਸਾਫ ਦੇਖੇ ਜਾ ਸਕਦੇ ਹਨ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਇਕ ਦਿਨ ਪਹਿਲਾਂ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਸੁਰੱਖਿਆ ਫੋਰਸ ਉਨ੍ਹਾਂ ਨਾਲ ਖੜ੍ਹੇ ਹਨ।
ਐਤਵਾਰ ਤੋਂ ਹੋ ਰਹੀ ਹਿੰਸਾ ਨੂੰ ਰੋਕਣ ਲਈ ਪੁਲਸ ਨੇ ਫਲੈਗ ਮਾਰਚ ਕੀਤੇ ਅਤੇ ਭਾਰੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਉੱਤਰੀ-ਪੂਰਬੀ ਜ਼ਿਲੇ ਵਿਚ ਤਾਇਨਾਤ ਹੋ ਗਏ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਦਿੱਲੀ ਫਾਇਰ ਬ੍ਰਿਗੇਡ ਸੇਵਾ ਅਧਿਕਾਰੀਆਂ ਨੂੰ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਵੀਰਵਾਰ ਅੱਧੀ ਰਾਤ ਤੋਂ ਸਵੇਰੇ 8 ਵਜੇ ਤਕ 19 ਫੋਨ ਕਾਲ ਆਏ।
ਉਨ੍ਹਾਂ ਨੇ ਦੱਸਿਆ ਕਿ ਇਲਾਕੇ 'ਚ 100 ਤੋਂ ਵਧੇਰੇ ਫਾਇਰ ਬ੍ਰਿਗੇਡ ਕਰਮਚਾਰੀ ਤਾਇਨਾਤ ਹਨ ਅਤੇ ਇਲਾਕੇ ਦੇ ਸਾਰੇ 4 ਫਾਇਰ ਬ੍ਰਿਗੇਡ ਕੇਂਦਰਾਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਵਾਧੂ ਗੱਡੀਆਂ ਦਿੱਤੀਆਂ ਗਈਆਂ ਅਤੇ ਸੀਨੀਅਰ ਅਧਿਕਾਰੀ ਨਿਗਰਾਨੀ ਕਰ ਰਹੇ ਹਨ।