ਦਿੱਲੀ ਨੂੰ ਅਗਲੇ 2 ਮਹੀਨਿਆਂ ''ਚ ਮਿਲਣਗੇ 100 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ : ਕੇਜਰੀਵਾਲ
Tuesday, Oct 18, 2022 - 02:43 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਨੂੰ ਅਗਲੇ 2 ਮਹੀਨਿਆਂ 'ਚ 100 ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਮਿਲਣਗੇ। ਕੇਜਰੀਵਾਲ ਨੇ ਮੰਗਲਵਾਰ ਨੂੰ ਅਜਿਹੇ 11 ਚਾਰਜਿੰਗ ਸਟੇਸ਼ਨਾਂ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇਨ੍ਹਾਂ ਚਾਰਜਿੰਗ ਸਟੇਸ਼ਨਾਂ 'ਤੇ ਬੈਟਰੀ ਬਦਲਣ ਦੀ ਸਹੂਲਤ ਵੀ ਉਪਲਬਧ ਹੋਵੇਗੀ। ਉਨ੍ਹਾਂ ਕਿਹਾ,''ਇਸ ਤੋਂ ਪਹਿਲਾਂ ਬੈਟਰੀ ਬਦਲਣ ਲਈ ਕੇਂਦਰ ਅਤੇ ਚਾਰਜਿੰਗ ਸਟੇਸ਼ਨ ਵੱਖ-ਵੱਖ ਹੁੰਦੇ ਸਨ ਪਰ ਹੁਣ ਇਹ ਸਹੂਲਤ ਇਕ ਹੀ ਜਗ੍ਹਾ ਉਪਲੱਬਧ ਹੋਵੇਗੀ। ਇਨ੍ਹਾਂ 11 ਸਟੇਸ਼ਨਾਂ ਦੇ 73 ਚਾਰਜਿੰਗ ਪੁਆਇੰਟ ਹਨ। ਅਗਲੇ 2 ਮਹੀਨਿਆਂ 'ਚ ਦਿੱਲੀ ਨੂੰ ਅਜਿਹੇ 100 ਚਾਰਜਿੰਗ ਸਟੇਸ਼ਨ ਮਿਲਣਗੇ।” ਅਭਿਲਾਸ਼ੀ ਦਿੱਲੀ ਇਲੈਕਟ੍ਰਿਕ ਵਾਹਨ ਪਾਲਿਸੀ ਅਗਸਤ 2020 'ਚ ਸਾਹਮਣੇ ਆਈ ਸੀ। ਇਸ ਦਾ ਟੀਚਾ 2024 ਤੱਕ ਕੁੱਲ ਵਿਕਰੀ 'ਚ ਇਲੈਕਟ੍ਰਿਕ ਵਾਹਨਾਂ ਦੀ ਹਿੱਸੇਦਾਰੀ ਨੂੰ 25 ਫੀਸਦੀ ਤੱਕ ਵਧਾਉਣ ਦਾ ਹੈ।
ਦਿੱਲੀ ਸੰਚਾਰ ਅਤੇ ਵਿਕਾਸ ਕਮਿਸ਼ਨ ਦੇ ਉੱਪ ਪ੍ਰਧਾਨ ਜੈਸਮੀਨ ਸ਼ਾਹ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ ਕੇਜਰੀਵਾਲ ਨੇ ਕਿਹਾ,''ਕੈਬਨਿਟ ਨੇ ਉਨ੍ਹਾਂ ਦੀ ਨਿਯੁਕਤੀ ਕੀਤੀ ਹੈ ਅਤੇ ਸਿਰਫ਼ ਕੈਬਨਿਟ ਹੀ ਉਨ੍ਹਾਂ ਤੋਂ ਸਵਾਲ ਪੁੱਛ ਸਕਦਾ ਹੈ।'' ਸੂਤਰਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਯੋਜਨਾ ਵਿਭਾਗ ਨੇ ਸ਼ਾਹ ਨੂੰ ਆਮ ਆਦਮੀ ਪਾਰਟੀ (ਆਪ) ਦੇ 'ਅਧਿਕਾਰਤ ਬੁਲਾਰੇ' ਵਜੋਂ ਕੰਮ ਕਰਦੇ ਹੋਏ ਸਰਕਾਰੀ ਅਹੁਦੇ ਦੀ ਗਲਤ ਵਰਤੋਂ ਕਰਨ ਦੇ ਦੋਸ਼ 'ਚ ਸੋਮਵਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਭਾਜਪਾ ਨੇਤਾ ਅਤੇ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। 'ਆਪ' ਨੇ ਇਸ ਨੋਟਿਸ ਨੂੰ ਗੁਜਰਾਤ 'ਚ ਪਾਰਟੀ ਦੇ ਵਧਦੇ ਗਰਾਫ਼ ਕਾਰਨ ਦਿੱਲੀ ਸਰਕਾਰ 'ਤੇ ਇਸ ਨੂੰ ਇਕ ਹੋਰ ਹਮਲਾ ਕਰਾਰ ਦਿੱਤਾ ਹੈ।''