ਦਿੱਲੀ ਦੰਗੇ: JNU ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਜ਼ਮਾਨਤ ਦੇਣ ਤੋਂ ਅਦਾਲਤ ਦਾ ਇਨਕਾਰ

Thursday, Mar 24, 2022 - 01:45 PM (IST)

ਦਿੱਲੀ ਦੰਗੇ: JNU ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਜ਼ਮਾਨਤ ਦੇਣ ਤੋਂ ਅਦਾਲਤ ਦਾ ਇਨਕਾਰ

ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੀ ਇਕ ਅਦਾਲਤ ਨੇ ਜੇ. ਐੱਨ. ਯੂ. ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਫਰਵਰੀ 2020 ’ਚ ਹੋਏ ਦਿੱਲੀ ਦੰਗਿਆਂ ਨਾਲ ਸਬੰਧਤ ਸਾਜਿਸ਼ ਦੇ ਇਕ ਮਾਮਲੇ ’ਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਐਡੀਸ਼ਨਲ ਸੈਸ਼ਨ ਜੱਜ ਅਮਿਤਾਭ ਰਾਵਤ ਨੇ 3 ਮਾਰਚ ਨੂੰ ਖਾਲਿਦ ਅਤੇ ਇਸਤਗਾਸਾ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਆਦੇਸ਼ ਸੁਰੱਖਿਅਤ ਰੱਖ ਲਿਆ ਸੀ। 

ਸੁਣਵਾਈ ਦੌਰਾਨ ਦੋਸ਼ੀ ਨੇ ਅਦਾਲਤ ਨੂੰ ਕਿਹਾ ਸੀ ਕਿ ਇਸਤਗਾਸਾ ਪੱਖ ਕੋਲ ਉਸ ਖ਼ਿਲਾਫ ਮੁਕੱਦਮਾ ਚਲਾਉਣ ਲਈ ਸਬੂਤਾਂ ਦੀ ਘਾਟ ਹੈ। ਖਾਲਿਦ ਅਤੇ ਕਈ ਹੋਰ ਲੋਕਾਂ ਖਿਲਾਫ ਫਰਵਰੀ 2020 ਦੇ ਦੰਗਿਆਂ ਦੇ ਸਿਲਸਿਲੇ ’ਚ ਅੱਤਵਾਦ ਰੋਕੂ ਕਾਨੂੰਨ ਯੂ. ਏ. ਪੀ. ਏ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਦੱਸ ਦੇਈਏ ਕਿ ਇਨ੍ਹਾਂ ਦੰਗਿਆਂ ’ਚ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋ ਗਏ ਸਨ। ਫਰਵਰੀ 2020 ’ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਅਤੇ ਰਾਸ਼ਟਰੀ ਨਾਗਰਿਕ ਰਜਿਸਟਰਡ (ਐੱਨ. ਆਰ. ਸੀ.) ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਗਈ ਸੀ। ਖਾਲਿਦ ਤੋਂ ਇਲਾਵਾ, ਖਾਲਿਦ ਸੈਫੀ, ਜੇ. ਐੱਨ. ਯੂ. ਵਿਦਿਆਰਥਣ ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਾਲਿਤਾ, ਜਾਮੀਆ ਤਾਲਮੇਲ ਕਮੇਟੀ ਦੀ ਮੈਂਬਰ ਸਫੂਰਾ ਜਰਗਰ, ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਨਿਗਮ ਕੌਂਸਲਰ ਤਾਹਿਰ ਹੁਸੈਨ ਅਤੇ ਕਈ ਹੋਰ ਲੋਕਾਂ ਖਿਲਾਫ ਵੀ ਯੂ. ਏ. ਪੀ. ਏ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।


author

Tanu

Content Editor

Related News