ਪ੍ਰਦੂਸ਼ਣ ਨੂੰ ਲੈ ਕੇ NGT ਨੇ ਦਿੱਲੀ ਸਰਕਾਰ ਨੂੰ ਲਗਾਈ ਫਟਕਾਰ

11/05/2019 1:43:49 PM

ਨਵੀਂ ਦਿੱਲੀ— ਦਿੱਲੀ 'ਚ ਪ੍ਰਦੂਸ਼ਣ ਦੀ ਲਗਾਤਾਰ ਵਿਗੜਦੀ ਸਥਿਤੀ 'ਤੇ ਮੰਗਲਵਾਰ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਸੁਣਵਾਈ ਕੀਤੀ। ਐੱਨ.ਜੀ.ਟੀ. ਨੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਪੁੱਛਿਆ ਕਿ ਤੁਹਾਡੀ ਸਰਕਾਰ ਕੂੜਾ ਸਾੜਨ ਨੂੰ ਰੋਕਣ ਦੇ ਮਾਮਲੇ 'ਚ ਕੀ ਕਰ ਰਹੀ ਹੈ। ਐੱਨ.ਜੀ.ਟੀ. ਨੇ ਕਿਹਾ ਕਿ ਜਦੋਂ ਪ੍ਰਦੂਸ਼ਣ ਵਧਦਾ ਹੈ ਤਾਂ ਸਾਨੂੰ ਦੱਸਿਆ ਜਾਂਦਾ ਹੈ ਕਿ ਸਾਰੇ ਨਿਰਮਾਣ ਕੰਮ ਰੋਕ ਦਿੱਤੇ ਗਏ। ਇਸ ਨਾਲ ਕਿਸ ਨੂੰ ਨੁਕਸਾਨ ਹੁੰਦਾ ਹੈ। ਮਜ਼ਦੂਰ ਬੇਰੋਜ਼ਗਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਭਲਾਈ ਲਈ ਬਣਿਆ ਲੱਖਾਂ ਦਾ ਫੰਡ ਇਸੇ ਤਰ੍ਹਾਂ ਰਹਿ ਜਾਂਦਾ ਹੈ।

ਇਸ 'ਤੇ ਦਿੱਲੀ ਦੇ ਮੁੱਖ ਸਕੱਤਰ ਵਿਜੇ ਕੁਮਾਰ ਦੇਵ ਨੇ ਐੱਨ.ਜੀ.ਟੀ. ਦੇ ਸਾਹਮਣੇ ਆਪਣਾ ਪੱਖ ਰੱਖਦੇ ਹੋਏ ਮੰਨਿਆ ਕਿ ਪ੍ਰਦੂਸ਼ਣ ਰੋਕਣ ਦੀਆਂ ਕੋਸ਼ਿਸ਼ਾਂ ਅਧੂਰੀਆਂ ਹਨ ਅਤੇ ਕੂੜਾ ਸਾੜਨ ਦੀ ਸਮੱਸਿਆ ਨਾਲ ਸਖਤੀ ਨਾਲ ਨਜਿੱਠਣਗੇ। ਜੇਕਰ ਕੋਈ ਕਿਤੇ ਕੂੜਾ ਸੜਦੇ ਦੇਖੇ ਤਾਂ ਸਾਨੂੰ ਸੂਚਿਤ ਕਰੇ, ਅਸੀਂ ਕਾਰਵਾਈ ਕਰਾਂਗੇ। ਐੱਨ.ਜੀ.ਟੀ. ਨੇ ਇਸ ਮਾਮਲੇ 'ਚ ਕੇਂਦਰ ਨੂੰ ਵੀ ਤਲੱਬ ਕੀਤਾ। ਉਸ 'ਤੇ ਕੇਂਦਰ ਸਰਕਾਰ ਨੇ ਐੱਨ.ਜੀ.ਟੀ. ਨੂੰ ਦੱਸਿਆ ਕਿ ਪ੍ਰਦੂਸ਼ਣ ਰੋਕਣ ਲਈ ਸਕੱਤਰ ਪੱਧਰ ਦੀਆਂ ਬੈਠਕਾਂ ਜਾਰੀ ਹਨ। ਅਸੀਂ ਸੂਬਿਆਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ 1150 ਕਰੋੜ ਰੁਪਏ ਦਿੱਤੇ ਹਨ। ਬੀਤੇ ਸਾਲ ਅਸੀਂ 14 ਹਜ਼ਾਰ ਮਸ਼ੀਨਾਂ ਸੂਬਿਆਂ ਨੂੰ ਉਪਲੱਬਧ ਕਰਵਾਈਆਂ ਸਨ ਅਤੇ ਇਸ ਵਾਰ ਅਸੀਂ 50 ਹਜ਼ਾਰ ਹੋਰ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ।


DIsha

Content Editor

Related News