ਦਿੱਲੀ ''ਚ ਪ੍ਰਦੂਸ਼ਣ ਅਤੇ ਕੋਰੋਨਾ ਦੀ ਦੋਹਰੀ ਮਾਰ, ਹਵਾ ''ਬੇਹੱਦ ਖਰਾਬ'' ਸ਼੍ਰੇਣੀ ''ਚ
Friday, Oct 23, 2020 - 09:54 AM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਮੌਸਮ 'ਚ ਸਰਦੀ ਦਾ ਅਸਰ ਵਧਣ ਦੇ ਨਾਲ ਹੀ ਲੋਕਾਂ 'ਤੇ ਦੋਹਰੀ ਮਾਰ ਪੈ ਰਹੀ ਹੈ। ਇਕ ਪਾਸੇ ਪ੍ਰਦੂਸ਼ਣ ਵਧਣ ਨਾਲ ਆਬੋ-ਹਵਾ ਦਿਨੋਂ-ਦਿਨ ਖ਼ਰਾਬ ਹੋ ਰਹੀ ਹੈ ਤਾਂ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ (ਕੋਵਿਡ-19) ਇਨਫੈਕਸ਼ਨ ਦਾ ਪ੍ਰਕੋਪ ਵੀ ਵਧਦਾ ਹੀ ਜਾ ਰਿਹਾ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਨੇ ਸ਼ੁੱਕਰਵਾਰ ਨੂੰ ਰਾਜਧਾਨੀ ਦੀ ਆਬੋ-ਹਵਾ ਦਾ ਜੋ ਇੰਡੈਕਸ ਜਾਰੀ ਕੀਤਾ ਹੈ ਉਹ ਬਹੁਤ ਹੀ ਚਿੰਤਾਜਨਕ ਹੈ। ਦਿੱਲੀ 'ਚ ਸ਼ੁੱਕਰਵਾਰ ਸਵੇਰੇ 7 ਵਜੇ ਪ੍ਰਦੂਸ਼ਣ ਦਾ ਪੱਧਰ 360 ਹੈ। ਆਸਮਾਨ 'ਚ ਧੂੰਆਂ ਛਾਇਆ ਹੋਇਆ ਹੈ। ਇਹ ਮੌਸਮ ਸਾਹ ਦੀਆਂ ਬੀਮਾਰੀਆਂ ਨਾਲ ਪੀੜਤ ਲੋਕਾਂ ਲਈ ਬਿਲਕੁੱਲ ਵੀ ਅਨੁਕੂਲ ਨਹੀਂ ਹੈ।
ਡੀ.ਪੀ.ਸੀ.ਸੀ. ਅਨੁਸਾਰ ਦਿੱਲੀ ਦੀ ਹਵਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ ਹੈ। ਰਾਜਧਾਨੀ ਦਾ ਅਲੀਪੁਰ ਇਲਾਕਾ 422 ਹਵਾ ਗੁਣਵੱਤਾ ਇੰਡੈਕਟ (ਏ.ਕਿਊ.ਆਈ.) ਨਾਲ ਸਭ ਤੋਂ ਪ੍ਰਦੂਸ਼ਿਤ ਖੇਤਰ ਹੈ। ਰੋਹਿਣੀ 'ਚ 391 ਅਤੇ ਦਵਾਰਕਾ 'ਚ 390, ਆਨੰਦ ਵਿਹਾਰ 'ਚ 387, ਜਦੋਂ ਕਿ ਆਰ.ਕੇ. ਪੁਰਮ 'ਚ ਏ.ਕਿਊ.ਆਈ. 333 ਦਰਜ ਕੀਤਾ ਗਿਆ। ਰਾਜਧਾਨੀ 'ਚ ਆਲੇ-ਦੁਆਲੇ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਸਵੇਰੇ ਗਾਜ਼ੀਆਬਾਦ 'ਚ ਇਹ 380, ਗ੍ਰੇਟਰ ਨੋਇਡਾ 'ਚ 377 ਅਤੇ ਨੋਇਡਾ 'ਚ 380 ਰਿਕਾਰਡ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਅਨੁਸਾਰ ਆਈ.ਟੀ.ਓ. 'ਤੇ ਪੀਐੱਮ 2.5 ਦਾ ਪੱਧਰ 356 ਹੈ। ਇਹ 'ਬਹੁਤ ਖਰਾਬ ਸ਼੍ਰੇਣੀ' ਹੈ। ਦਿੱਲੀ 'ਚ ਜਿੱਥੇ ਇਕ ਪਾਸੇ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕੋਰੋਨਾ ਵੀ ਵੱਧ ਰਿਹਾ ਹੈ। ਵੀਰਵਾਰ ਸ਼ਾਮ ਦੇ ਅੰਕੜਿਆਂ ਅਨੁਸਾਰ ਕੋਰੋਨਾ ਇਨਫੈਕਸ਼ਨ ਦੇ 3882 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ 35 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਮਹਾਮਾਰੀ ਨਾਲ ਰਾਜਧਾਨੀ 'ਚ ਕੁੱਲ 344318 ਅਤੇ ਮਰਨ ਵਾਲਿਆਂ ਦੀ ਗਿਣਤੀ 6163 ਹੈ। ਸਰਗਰਮ ਮਾਮਲੇ 25 ਹਜ਼ਾਰ 237 ਹਨ।