ਬੱਚਿਆਂ ਨੂੰ ਨਹਾਉਣ ਤੋਂ ਰੋਕਣ ''ਤੇ ਹੋਏ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਦਿੱਲੀ ਪੁਲਸ ਦੇ ਜਵਾਨ ਦਾ ਕਤਲ
Sunday, Aug 20, 2023 - 11:49 AM (IST)
ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ 'ਚ ਦਿੱਲੀ ਪੁਲਸ ਦੇ ਜਵਾਨ ਦਾ ਤਲਵਾਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਸ਼ਨੀਵਾਰ ਦੇਰ ਸ਼ਾਮ ਦੀ ਹੈ। ਇਹ ਮਾਮਲਾ ਪ੍ਰਿਥਲਾ ਦਾ ਹੈ, ਜਿੱਥੇ ਗੜ੍ਹਖੇੜਾ ਪਿੰਡ ਵਿਚ ਦੇਰ ਸ਼ਾਮ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੈ। ਲੱਗਭਗ 50 ਸਾਲਾ ਦਿੱਲੀ ਪੁਲਸ ਦੇ ਹੋਮ ਗਾਰਡ ਧਰਮਪਾਲ ਓਖਲਾ ਥਾਣੇ ਵਿਚ ਤਾਇਨਾਤ ਸਨ।
ਮ੍ਰਿਤਕ ਦੇ ਪੁੱਤਰ ਦੀਪਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕੁਝ ਨਿਰਮਾਣ ਕੰਮ ਚੱਲ ਰਿਹਾ ਹੈ, ਜਿਸ ਲਈ ਉਨ੍ਹਾਂ ਦੇ ਪਿਤਾ ਨੇ ਨਿਰਮਾਣ ਸਮੱਗਰੀ ਮੰਗਵਾਈ ਸੀ। ਗੁਆਂਢ 'ਚ ਰਹਿਣ ਵਾਲੇ ਗੁਆਂਢੀ ਪਵਨ ਅਤੇ ਅਜੇ ਦੇ ਬੱਚੇ ਪਾਣੀ ਦੀ ਪਾਈਪ ਨਾਲ ਨਹਾ ਰਹੇ ਸਨ, ਜਿਸ ਕਾਰਨ ਪਾਣੀ ਉਨ੍ਹਾਂ ਦੀ ਮੰਗਵਾਈ ਨਿਰਮਾਣ ਸਮੱਗਰੀ 'ਚ ਜਾ ਰਿਹਾ ਸੀ, ਇਸ ਲਈ ਉਨ੍ਹਾਂ ਦੇ ਪਿਤਾ ਨੇ ਬੱਚਿਆਂ ਨੂੰ ਗਲੀ 'ਚ ਨਹਾਉਣ ਤੋਂ ਰੋਕਿਆ ਸੀ ਪਰ ਗੁਆਂਢੀ ਪਵਨ ਅਤੇ ਅਜੇ ਨੇ ਧਮਕੀ ਦਿੱਤੀ ਕਿ ਉਨ੍ਹਾਂ ਦੇ ਬੱਚੇ ਇੱਥੇ ਹੀ ਨਹਾਉਣਗੇ ਜੋ ਕਰਨਾ ਹੈ ਕਰ ਲਓ।
ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਧਰਮਪਾਲ ਨੇ ਘਰ ਜਾ ਕੇ ਪਵਨ ਅਤੇ ਅਜੇ ਦੇ ਬੱਚਿਆਂ ਨੂੰ ਦੂਰ ਰਹਿਣ ਦੀ ਸਲਾਹ ਦਿੱਤੀ ਸੀ। ਦੇਰ ਸ਼ਾਮ ਜਦੋਂ ਉਸ ਦੇ ਪਿਤਾ ਘਰ ਦੇ ਬਾਹਰ ਖੜ੍ਹੇ ਸਨ ਤਾਂ ਗੁਆਂਢ 'ਚ ਰਹਿਣ ਵਾਲੇ ਪਵਨ ਅਤੇ ਅਜੇ ਆਏ, ਜਿਨ੍ਹਾਂ ਨੇ ਉਨ੍ਹਾਂ ਦੇ ਪਿਤਾ ਦੀ ਛਾਤੀ 'ਚ ਸਿੱਧੇ ਤਲਵਾਰ ਮਾਰ ਦਿੱਤੀ। ਹਮਲੇ ਤੋਂ ਬਾਅਦ ਪਵਨ ਅਤੇ ਅਜੇ ਦੌੜ ਗਏ। ਜ਼ਖ਼ਮੀ ਹਾਲਤ ਵਿਚ ਉਹ ਆਪਣੇ ਪਿਤਾ ਨੂੰ ਲੈ ਕੇ ਦਿਆਲਪੁਰ ਪਹੁੰਚੇ, ਜਿੱਥੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਦੇ ਪਿਤਾ ਨੂੰ ਫਰੀਦਾਬਾਦ ਦੇ ਬਾਦਸ਼ਾਹ ਖਾਨ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਇੱਥੇ ਆਉਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੇ ਪਿਤਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।