ਓਡ-ਈਵਨ ਯੋਜਨਾ ''ਤੇ ਕੇਜਰੀਵਾਲ ਵਿਰੁੱਧ ਵਿਜੇ ਗੋਇਲ ਨੇ ਕੀਤਾ ਪ੍ਰਦਰਸ਼ਨ

11/14/2019 3:14:45 PM

ਨਵੀਂ ਦਿੱਲੀ— ਭਾਜਪਾ ਨੇਤਾ ਅਤੇ ਰਾਜ ਸਭਾ ਮੈਂਬਰ ਵਿਜੇ ਗੋਇਲ ਨੇ ਵੀਰਵਾਰ ਨੂੰ ਵਾਹਨ ਚਲਾਉਣ ਦੀ ਓਡ-ਈਵਨ ਯੋਜਨਾ ਵਿਰੁੱਧ ਨਵੇਂ ਸਿਰੇ ਤੋਂ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਇਸ ਉਪਾਅ ਨੂੰ ਲਾਗੂ ਕਰਨ ਤੋਂ ਬਾਅਦ ਵੀ ਦਿੱਲੀ 'ਗੈਸ ਚੈਂਬਰ' ਬਣੀ ਹੋਈ ਹੈ। ਗੋਇਲ ਨੇ ਓਡ-ਈਵਨ ਯੋਜਨਾ ਸ਼ੁਰੂ ਹੋਣ ਵਾਲੇ ਦਿਨ ਵੀ ਇਸ ਦੀ ਉਲੰਘਣਾ ਕੀਤੀ ਸੀ ਅਤੇ ਉਨ੍ਹਾਂ 'ਤੇ 4 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ। ਵੀਰਵਾਰ ਨੂੰ ਆਈ.ਟੀ.ਓ. ਚੌਰਾਹੇ 'ਤੇ ਉਨ੍ਹਾਂ ਦੇ ਪ੍ਰਦਰਸ਼ਨ 'ਚ ਕਈ ਸਮਰਥਕ ਵੀ ਸ਼ਾਮਲ ਹੋਏ, ਜਿਨ੍ਹਾਂ ਦੇ ਹੱਥ 'ਚ 'ਪ੍ਰਦੂਸ਼ਣ ਦੀ ਜ਼ਿੰਮੇਵਾਰ, ਕੇਜਰੀਵਾਲ ਸਰਕਾਰ, ਓਡ-ਈਵਨ ਹੈ ਬੇਕਾਰ' ਦੇ ਨਾਅਰੇ ਲਿਖੇ ਪੋਸਟਰ ਸਨ।

ਕੇਜਰੀਵਾਲ ਨੇ 5 ਸਾਲ ਤੱਕ ਕੁਝ ਨਹੀਂ ਕੀਤਾ
ਗੋਇਲ ਨੇ ਕਿਹਾ,''ਓਡ-ਈਵਨ ਯੋਜਨਾ ਨੂੰ ਲਾਗੂ ਕਰਨ ਤੋਂ ਬਾਅਦ ਵੀ ਦਿੱਲੀ ਗੈਸ ਚੈਂਬਰ ਬਣੀ ਹੋਈ ਹੈ। ਹੁਣ ਅਰਵਿੰਦ ਕੇਜਰੀਵਾਲ ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਉਣਗੇ। ਪਰਾਲੀ ਨਹੀਂ ਸਾੜੀ ਜਾ ਰਹੀ ਅਤੇ ਹੁਣ ਤਾਂ ਦੀਵਾਲੀ ਨੂੰ ਵੀ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।'' ਕੇਜਰੀਵਾਲ ਨੇ ਬੁੱਧਵਾਰ ਨੂੰ ਵੀ ਗੁਆਂਢੀ ਰਾਜਾਂ ਹਰਿਆਣਾ ਅਤੇ ਪੰਜਾਬ 'ਚ ਪਰਾਲੀ ਸਾੜੇ ਜਾਣ ਦਾ ਮੁੱਦਾ ਚੁੱਕਦੇ ਹੋਏ ਇਨ੍ਹਾਂ ਰਾਜਾਂ ਦੀਆਂ ਸਰਕਾਰਾਂ 'ਤੇ ਸੁਪਰੀਮ ਕੋਰਟ ਦੇ ਆਦੇਸ਼ ਦੀ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ। ਗੋਇਲ ਨੇ ਕਿਹਾ ਕਿ ਕੇਜਰੀਵਾਲ ਨੇ 5 ਸਾਲ ਤੱਕ ਤਾਂ ਕੁਝ ਨਹੀਂ ਕੀਤਾ ਅਤੇ ਹੁਣ ਓਡ-ਈਵਨ ਯੋਜਨਾ ਲਿਆਏ ਹਨ। 

ਜ਼ਰੂਰਤ ਪੈਣ 'ਤੇ ਓਡ-ਈਵਨ ਵਧਾਈ ਜਾ ਸਕਦੀ ਹੈ
ਉਨ੍ਹਾਂ ਨੇ ਕਿਹਾ,''ਮੈਂ ਓਡ-ਈਵਨ ਯੋਜਨਾ ਵਿਰੁੱਧ ਨਹੀਂ ਹਾਂ ਸਗੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਯੋਜਨਾ ਦੀ ਆੜ 'ਚ ਸਿਆਸੀ ਲਾਭ ਚੁਕੇ ਜਾਣ ਦੇ, ਕੇਜਰੀਵਾਲ ਦੀ ਕੋਸ਼ਿਸ਼ ਦੇ ਵਿਰੁੱਧ ਹਾਂ।'' ਦਿੱਲੀ 'ਚ 4 ਨਵੰਬਰ ਤੋਂ ਵਾਹਨ ਚਲਾਉਣ ਦੀ ਓਡ-ਈਵਨ ਯੋਜਨਾ ਸ਼ੁਰੂ ਹੋਈ ਸੀ, ਜੋ 15 ਨਵੰਬਰ ਤੱਕ ਚਲੇਗੀ। ਹਾਲਾਂਕਿ ਕੇਜਰੀਵਾਲ ਨੇ ਰਿਹਾ ਹੈ ਕਿ ਜ਼ਰੂਰਤ ਪੈਣ 'ਤੇ ਇਸ ਨੂੰ ਵਧਾਇਆ ਜਾ ਸਕਦਾ ਹੈ।


DIsha

Content Editor

Related News