ਦਿੱਲੀ ਮੁੰਡਕਾ ਅਗਨੀਕਾਂਡ: ਇਮਾਰਤ ਦਾ ਫਰਾਰ ਮਾਲਕ ਮਨੀਸ਼ ਗ੍ਰਿਫਤਾਰ
Sunday, May 15, 2022 - 12:10 PM (IST)
ਨਵੀਂ ਦਿੱਲੀ– ਦਿੱਲੀ ਦੇ ਮੁੰਡਕਾ ਅਗਨੀਕਾਂਡ ’ਚ ਪੁਲਸ ਨੇ ਇਮਾਰਤ ਦੇ ਮਾਲਕ ਮਨੀਸ਼ ਲਾਕੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਅੱਗ ਲੱਗਣ ਦੌਰਾਨ ਮਨੀਸ਼ ਇਮਾਰਤ ਦੀ ਉੱਪਰੀ ਮੰਜ਼ਿਲ ’ਤੇ ਸੀ ਅਤੇ ਕਰੇਨ ਦੀ ਮਦਦ ਨਾਲ ਹੇਠਾਂ ਆ ਗਿਆ ਸੀ। ਅੱਗ ਲੱਗਣ ਮਗਰੋਂ ਮਨੀਸ਼ ਫਰਾਰ ਹੋ ਗਿਆ ਸੀ। ਉਸ ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਸੀ ਅਤੇ ਅੱਜ ਸਵੇਰੇ ਪੁਲਸ ਨੇ ਮਨੀਸ਼ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ :- ਦਿੱਲੀ ਅਗਨੀਕਾਂਡ: ਹਸਪਤਾਲ ’ਚ ਆਪਣਿਆਂ ਦੀ ਭਾਲ ’ਚ ਰੋਂਦੇ-ਕੁਰਲਾਉਂਦੇ ਦਿੱਸੇ ਪਰਿਵਾਰ, ਧੀ ਨੂੰ ਲੱਭਦੀ ਬੇਬੱਸ ਮਾਂ
ਪੁਲਸ ਮੁਤਾਬਕ ਸ਼ੁੱਕਰਵਾਰ ਨੂੰ 4 ਮੰਜ਼ਿਲ ਵਪਾਰਕ ਇਮਾਰਤ ਨੂੰ ਅੱਗ ਲੱਗੀ ਸੀ। ਇਸ ਘਟਨਾ ’ਚ 21 ਔਰਤਾਂ ਸਮੇਤ 27 ਲੋਕਾਂ ਦੀ ਮੌਤ ਹੋ ਗਈ। ਪੁਲਸ ਡਿਪਟੀ ਕਮਿਸ਼ਨ ਸਮੀਰ ਸ਼ਰਮਾ ਨੇ ਕਿਹਾ ਕਿ ਅਸੀਂ ਦਿੱਲੀ ਅਤੇ ਹਰਿਆਣਾ ’ਚ ਛਾਪੇਮਾਰੀ ਕਰਨ ਤੋਂ ਬਾਅਦ ਇਮਾਰਤ ਦੇ ਫਰਾਰ ਮਾਲਕ ਮਨੀਸ਼ ਲਾਕੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਨੀਸ਼ ਮੁੰਡਕਾ ਪਿੰਡ ਦਾ ਰਹਿਣ ਵਾਲਾ ਹੈ। ਇਸ ਘਟਨਾ ’ਚ 19 ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੇ ਜਿਊਂਦੇ ਬਚਣ ਦੀ ਉਮੀਦ ਬਹੁਤ ਘੱਟ ਹੈ।
ਇਹ ਵੀ ਪੜ੍ਹੋ :- ਦਿੱਲੀ ਅਗਨੀਕਾਂਡ: CM ਕੇਜਰੀਵਾਲ ਵਲੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ, ਜਾਂਚ ਦੇ ਦਿੱਤੇ ਆਦੇਸ਼
ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦੇ ਪੱਛਮੀ ਖੇਤਰ 'ਚ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਸਥਿਤ 4 ਮੰਜ਼ਿਲਾ ਵਪਾਰਕ ਇਮਾਰਤ 'ਚ ਸ਼ੁੱਕਰਵਾਰ ਸ਼ਾਮ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਇਮਾਰਤ 'ਚੋਂ 60-70 ਲੋਕਾਂ ਨੂੰ ਬਚਾਇਆ ਗਿਆ ਹੈ। ਘਟਨਾ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੀ ਸੂਚਨਾ ਸ਼ਾਮ 4.40 ਵਜੇ ਦੇ ਕਰੀਬ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ।
ਇਹ ਵੀ ਪੜ੍ਹੋ :- ਦਿੱਲੀ ਅਗਨੀਕਾਂਡ ’ਚ ਪੁਲਸ ਦੀ ਕਾਰਵਾਈ, ਕੰਪਨੀ ਦੇ ਦੋ ਮਾਲਕ ਗ੍ਰਿਫਤਾਰ