ਤਨਖਾਹ ਨਹੀਂ ਮਿਲਣ ''ਤੇ ਗਣਿਤ ਅਧਿਆਪਕ ਰੋਜ਼ੀ-ਰੋਟੀ ਕਮਾਉਣ ਲਈ ਵੇਚ ਰਿਹਾ ਹੈ ਬੈਗ

Wednesday, Aug 26, 2020 - 05:47 PM (IST)

ਤਨਖਾਹ ਨਹੀਂ ਮਿਲਣ ''ਤੇ ਗਣਿਤ ਅਧਿਆਪਕ ਰੋਜ਼ੀ-ਰੋਟੀ ਕਮਾਉਣ ਲਈ ਵੇਚ ਰਿਹਾ ਹੈ ਬੈਗ

ਨਵੀਂ ਦਿੱਲੀ- ਗਣਿਤ ਅਧਿਆਪਕ ਮੁਹੰਮਦ ਫੈਜ਼ੀ ਨੂੰ ਮਾਰਚ ਤੋਂ ਤਨਖਾਹ ਨਹੀਂ ਮਿਲੀ ਹੈ, ਜਿਸ ਕਾਰਨ ਉਹ ਆਪਣੀਆਂ 2 ਧੀਆਂ ਦੀ ਸਕੂਲੀ ਫੀਸ ਵੀ ਨਹੀਂ ਜਮ੍ਹਾ ਕਰ ਸਕੇ। ਹੁਣ ਉਹ ਦਿੱਲੀ ਦੇ ਦਿਲਸ਼ਾਦ ਗਾਰਡਨ 'ਚ ਹਫ਼ਤਾਵਾਰ ਬਜ਼ਾਰ 'ਚ ਕੱਪੜੇ ਦੇ ਬੈਗ ਵੇਚਣ ਲੱਗੇ ਹਨ। ਕੋਰੋਨਾ ਵਾਇਰਸ ਤਾਲਾਬੰਦੀ ਕਾਰਨ ਦਿੱਲੀ 'ਚ ਮਾਰਚ ਦੇ ਆਖਰ ਤੋਂ ਹਫ਼ਤਾਵਾਰ ਬਜ਼ਾਰ ਬੰਦ ਸਨ ਅਤੇ ਉਹ ਸੋਮਵਾਰ ਨੂੰ ਖੁੱਲ੍ਹੇ। ਫੈਜ਼ੀ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ 5 ਅਤੇ 10 ਸਾਲ ਦੀਆਂ 2 ਧੀਆਂ ਨਾਲ ਸ਼ਾਹਦਰਾ 'ਚ 2 ਕਮਰੇ ਦੇ ਮਕਾਨ 'ਚ ਰਹਿੰਦੇ ਹਨ। ਇਹ ਇਕ ਨਿੱਜੀ ਸਕੂਲ 'ਚ 6ਵੀਂ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਗਣਿਤ ਪੜ੍ਹਾਉਂਦੇ ਹਨ। ਤਾਲਾਬੰਦੀ ਤੋਂ ਬਾਅਦ ਉਹ ਬਿਨਾਂ ਕਿਸੇ ਤਨਖਾਹ ਦੇ ਆਨਲਾਈਨ ਕਲਾਸ ਲੈਣ ਲੱਗੇ।

ਫੈਜ਼ੀ ਨੇ ਕਿਹਾ,''ਮੇਰੇ ਦੋਸਤਾਂ ਨੇ ਵਿੱਤੀ ਰੂਪ ਨਾਲ ਮੇਰੀ ਮਦਦ ਕੀਤੀ ਪਰ ਮੈਂ ਉਨ੍ਹਾਂ ਤੋਂ ਹੋਰ ਮੰਗ ਵੀ ਨਹੀਂ ਸਕਦਾ। ਅਸੀਂ ਕਿਸੇ ਤਰ੍ਹਾਂ ਕੰਮ ਚੱਲਾ ਰਹੇ ਹਾਂ। ਮੈਂ ਆਪਣੀਆਂ ਧੀਆਂ ਦੀ ਸਕੂਲ ਦੀ ਫੀਸ ਵੀ ਨਹੀਂ ਜਮ੍ਹਾ ਕਰ ਸਕਿਆ, ਇਸ ਲਈ ਮੈਂ ਉਨ੍ਹਾਂ ਨੂੰ ਖੁਦ ਹੀ ਪੜ੍ਹਾ ਰਿਹਾ ਹਾਂ।'' ਦਿਨ 'ਚ ਆਨਲਾਈਨ ਕਲਾਸ ਲੈਣ ਵਾਲੇ ਫੈਜੀ ਮੰਗਲਵਾਰ ਸ਼ਾਮ ਨੂੰ ਆਪਣੇ ਦੋਸਤਾਂ ਦੇ ਇੱਥੇ ਬਣੇ ਕੱਪੜੇ ਦੇ ਬੈਗਾਂ ਨੂੰ ਵੇਚਣ ਦਿਲਸ਼ਾਦ ਗਾਰਡਨ ਦੇ ਹਫ਼ਤਾਵਾਰ ਬਜ਼ਾਰ ਪਹੁੰਚੇ। ਗਾਹਕ ਦਾ ਇੰਤਜ਼ਾਰ ਕਰ ਰਹੇ ਫੈਜ਼ੀ ਨੇ ਕਿਹਾ,''ਮੇਰੇ ਦੋਸਤ ਇਹ ਬੈਗ ਬਣਾਉਂਦੇ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮੈਂ ਬਜ਼ਾਰ 'ਚ ਇਨ੍ਹਾਂ ਨੂੰ ਵੇਚਾਂ ਅਤੇ ਮੁਨਾਫ਼ਾ ਕਮਾਵਾਂ।'' 

ਉਨ੍ਹਾਂ ਨੇ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਸਕੂਲ ਕੁਝ ਸਮੇਂ ਲਈ ਉਨ੍ਹਾਂ ਨੂੰ ਤਨਖਾਹ ਨਹੀਂ ਦੇ ਸਕੇਗਾ। ਉਨ੍ਹਾਂ ਨੇ ਕਿਹਾ,''ਕਈ ਪਰਿਵਾਰ ਕੋਵਿਡ ਕਾਰਨ ਬੇਰੋਜ਼ਗਾਰ ਹੋ ਗਏ। ਮੇਰੇ ਵਰਗੇ ਲੋਕ ਆਪਣੇ ਬੱਚਿਆਂ ਦੇ ਸਕੂਲ ਫੀਸ ਨਹੀਂ ਦੇ ਸਕੇ। ਸਕੂਲ ਵੀ ਅਧਿਆਪਕਾਂ ਦੀ ਤਨਖਾਹ ਦੇਣ 'ਚ ਕਠਿਨਾਈ ਝੱਲ ਰਹੇ ਹਨ।'' ਉਨ੍ਹਾਂ ਨੇ ਕਿਹਾ,''ਮੈਂ ਦਿਨ ਦੇ ਸਮੇਂ ਪੜ੍ਹਾਉਣਾ ਚਾਹੁੰਦਾ ਹਾਂ ਅਤੇ ਸ਼ਾਮ ਦੇ ਸਮੇਂ ਕੁਝ ਹੋਰ ਕਰਨਾ ਚਾਹੁੰਦਾ ਹਾਂ ਤਾਂ ਕਿ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਾਂ। ਇਹੀ ਕਾਰਨ ਹੈ ਕਿ ਹਫ਼ਤਾਵਾਰ ਬਜ਼ਾਰ ਚੰਗਾ ਵਿਚਾਰ ਬਣ ਗਿਆ।''


author

DIsha

Content Editor

Related News