ਵਿਆਹ ਦੇ 2 ਸਾਲ ਬਾਅਦ ਪਤੀ ਨੇ ਕੀਤਾ ਦੂਜਾ ਨਿਕਾਹ, ਪਹਿਲੀ ਪਤਨੀ ਨੇ ਕੀਤੀ ਖੁਦਕੁਸ਼ੀ
Sunday, Aug 26, 2018 - 04:57 PM (IST)

ਨਵੀਂ ਦਿੱਲੀ— ਦਿੱਲੀ ਦੇ ਜਾਮੀਆ ਨਗਰ 'ਚ ਇਕ ਔਰਤ ਨੇ ਆਪਣੇ ਪੇਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਕੁਝ ਦਿਨ ਪਹਿਲਾਂ ਲੜਕੀ ਦੇ ਪਤੀ ਨੇ ਦੂਜਾ ਨਿਕਾਹ ਕਰ ਲਿਆ ਸੀ। ਜਿਸ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ। ਮ੍ਰਿਤਕਾ ਕੋਲੋਂ ਪੁਲਸ ਨੂੰ ਇਕ ਸੁਸਾਇਡ ਨੋਟ ਵੀ ਮਿਲਿਆ ਹੈ। ਜਿਸ 'ਚ ਉਸ ਨੇ ਆਪਣੇ ਸਹੁਰੇ ਘਰਦਿਆਂ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਜਾਣਕਾਰੀ ਮੁਤਾਬਕ 30 ਸਾਲਾ ਸ਼ੀਬਾ ਮਲਿਕ ਨੇ ਜਾਮੀਆ ਨਗਰ ਦੇ ਅਬੂ ਫਜਲ ਸਥਿਤ ਆਪਣੇ ਪੇਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਕਰੀਬ 2 ਸਾਲ ਪਹਿਲਾਂ ਸ਼ੀਬਾ ਦਾ ਵਿਆਹ ਦਾਦਰੀ ਦੇ ਰਹਿਣ ਵਾਲੇ ਅਰਸ਼ਦ ਅਹਿਮਦ ਨਾਲ ਹੋਇਆ ਸੀ। ਸ਼ੀਬਾ ਦੇ ਘਰਦਿਆਂ ਦਾ ਦੋਸ਼ ਹੈ ਕਿ ਵਿਆਹ ਦੇ ਦੋ ਤਿੰਨ ਮਹੀਨੇ ਬਾਅਦ ਤੋਂ ਹੀ ਉਸ ਦੇ ਸਹੁਰੇ ਘਰ ਦੇ ਦਾਜ ਨੂੰ ਲੈ ਕੇ ਉਸ ਨੂੰ ਪਰੇਸ਼ਾਨ ਕਰਨ ਲੱਗੇ ਅਤੇ ਉਸ ਨਾਲ ਕੁੱਟਮਾਰ ਵੀ ਕਰਦੇ ਸਨ। ਕੁਝ ਸਮੇਂ ਬਾਅਦ ਸਹੁਰੇ ਘਰਦਿਆਂ ਨੇ ਉਨ੍ਹਾਂ ਦੀ ਬੇਟੀ ਨੂੰ ਪੇਕੇ ਛੱਡ ਦਿੱਤਾ। ਜਿਸ ਦੇ ਬਾਅਦ ਸ਼ੀਬਾ ਨੇ ਜਾਮੀਆ ਨਗਰ ਪੁਲਸ ਸਟੇਸ਼ਨ 'ਚ ਆਪਣੇ ਪਤੀ ਅਤੇ ਸਹੁਰੇ ਘਰਦਿਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਅਰਸ਼ਦ ਅਤੇ ਉਸ ਦੇ ਪਰਿਵਾਰ ਵਾਲਿਆਂ ਖਿਲਾਫ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਕੋਰਟ 'ਚ ਚੱਲ ਰਿਹਾ ਸੀ। ਇਸ ਵਿਚਾਲੇ ਸ਼ੀਬਾ ਨੂੰ ਪਤਾ ਚੱਲਿਆ ਕਿ ਉਸ ਦੇ ਪਤੀ ਨੇ ਦੂਜੀ ਲੜਕੀ ਨਾਲ ਨਿਕਾਹ ਕਰ ਲਿਆ। ਇਸ ਦੇ ਬਾਅਦ ਉਹ ਹੋਰ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ ਅਤੇ ਸ਼ਨੀਵਾਰ ਨੂੰ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ। ਘਰਦਿਆਂ ਮੁਤਾਬਕ ਉਨ੍ਹਾਂ ਨੇ ਬੇਟੀ ਦਾ ਵਿਆਹ ਲੱਖਾਂ ਰੁਪਏ ਖਰਚ ਕਰਕੇ ਕੀਤਾ ਸੀ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਸਹੁਰੇ ਘਰ ਜਾ ਕੇ ਖੁਸ਼ ਰਹੇ ਪਰ ਉਨ੍ਹਾਂ ਨੂੰ ਕੀ ਸੀ ਕਿ ਇਕ ਦਿਨ ਸਹੁਰੇ ਘਰਦੇ ਹੀ ਉਸ ਦੀ ਮੌਤ ਦਾ ਕਾਰਨ ਬਣ ਜਾਣਗੇ। ਵਿਆਹ ਤੋਂ ਪਹਿਲਾਂ ਅਰਸ਼ਦ ਦੇ ਘਰਦਿਆਂ ਨੇ ਦੱਸਿਆ ਕਿ ਲੜਕਾ ਡਾਕਟਰ ਹੈ ਪਰ ਬਾਅਦ 'ਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਹ ਕੰੰਪਾਊਂਡਰ ਹੈ। ਔਰਤ ਦੇ ਪਤੀ ਖਿਲਾਫ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।