LG ਸਕਸੈਨਾ ਨੇ CM ਰੇਖਾ ਗੁਪਤਾ ਦੀ ਕੀਤੀ ਤਾਰੀਫ਼, ਕਿਹਾ- ਸੁਰੱਖਿਅਤ ਹੱਥਾਂ ''ਚ ਹੁਣ ਦਿੱਲੀ
Friday, Apr 11, 2025 - 05:55 PM (IST)

ਨਵੀਂ ਦਿੱਲੀ- ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਕਿਹਾ ਕਿ ਦਿੱਲੀ ਹੁਣ ਸੁਰੱਖਿਅਤ ਹੱਥਾਂ ਵਿਚ ਹੈ, ਕਿਉਂਕਿ ਮੁੱਖ ਮੰਤਰੀ ਰੇਖਾ ਗੁਪਤਾ ਦੇ ਹੱਥਾਂ ਵਿਚ ਦਿੱਲੀ ਦੀ ਵਾਂਗਡੋਰ ਹੈ। ਉਨ੍ਹਾਂ ਨੇ ਲੋਕਾ ਦੀ ਸੇਵਾ ਕਰਨ ਅਤੇ ਰਾਸ਼ਟਰੀ ਰਾਜਧਾਨੀ ਨੂੰ ਬਿਹਤਰ ਬਣਾਉਣ ਪ੍ਰਤੀ ਉਨ੍ਹਾਂ ਦੀ ਵੱਚਨਬਧਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ।
ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ 17ਵੇਂ ਦੀਕਾਂਸ਼ਤ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਸਕਸੈਨਾ ਨੇ ਕਿਹਾ ਕਿ ਹੁਣ ਮੈਂ ਕਹਿ ਸਕਦਾ ਹਾਂ ਕਿ ਦਿੱਲੀ ਸੁਰੱਖਿਅਤ ਹੱਥਾਂ ਵਿਚ ਹੈ। ਪਿਛਲੇ ਡੇਢ ਮਹੀਨੇ ਵਿਚ ਮੈਂ ਮੁੱਖ ਮੰਤਰੀ ਰੇਖਾ ਗੁਪਤਾ ਦੇ ਕੰਮਕਾਜ ਨੂੰ ਵੇਖਿਆ ਹੈ, ਉਸ ਤੋਂ ਮੈਂ ਕਹਿ ਸਕਦਾ ਹਾਂ ਕਿ ਉਹ ਹਰ ਸਮੇਂ ਸ਼ਹਿਰ ਬਾਰੇ ਚਿੰਤਤ ਰਹਿੰਦੀ ਹੈ ਅਤੇ 24x7 ਦਿੱਲੀ ਲਈ ਵਚਨਬੱਧ ਹੈ। ਐਲਜੀ ਸਕਸੈਨਾ ਜੋ ਕਿ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਆਪਣੇ ਅਧਿਆਪਕਾਂ ਅਤੇ ਜੀਵਨ ਦੇ ਤਜ਼ਰਬਿਆਂ ਦੋਵਾਂ ਤੋਂ ਸਿੱਖਣ ਦਾ ਸੱਦਾ ਦਿੱਤਾ।
LG ਸਕਸੈਨਾ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟ ਕੀਤੀ ਕਿ ਪਾਸ ਹੋਣ ਵਾਲੇ ਐਮ.ਫਿਲ ਵਿਦਿਆਰਥੀਆਂ ਵਿਚੋਂ ਲਗਭਗ 40 ਫ਼ੀਸਦੀ ਔਰਤਾਂ ਸਨ। ਉਨ੍ਹਾਂ ਨੇ ਯੂਨੀਵਰਸਿਟੀ ਨੂੰ ਵਧਾਈ ਦਿੱਤੀ, ਜਿਸ ਨੇ 3,112 ਪੀ.ਜੀ. ਡਿਗਰੀਆਂ, 21,222 ਯੂ.ਜੀ. ਡਿਗਰੀਆਂ,12 ਐਮ.ਫਿਲ ਡਿਗਰੀਆਂ ਅਤੇ 100 ਤੋਂ ਵੱਧ ਪੀ.ਐਚ.ਡੀ. ਡਿਗਰੀਆਂ ਪ੍ਰਦਾਨ ਕੀਤੀਆਂ। ਉਨ੍ਹਾਂ ਕਿਹਾ ਕਿ ਖਾਸ ਕਰਕੇ ਡਾਕਟਰੇਟ ਪ੍ਰਾਪਤ ਕਰਨ ਵਾਲੀਆਂ ਔਰਤਾਂ ਦੀ ਵੱਡੀ ਗਿਣਤੀ, ਬਦਲਦੇ ਵਿਦਿਅਕ ਦ੍ਰਿਸ਼ ਦਾ ਸੰਕੇਤ ਹੈ।