ਹਵਾ ਤੋਂ ਬਾਅਦ ਹੁਣ ਪਾਣੀ ਵੀ ਹੋਇਆ ਜ਼ਹਿਰੀਲਾ ! ਹੁਣ ਕਿੱਧਰ ਨੂੰ ਜਾਣ ਦਿੱਲੀ ਵਾਲੇ
Tuesday, Dec 02, 2025 - 03:37 PM (IST)
ਨੈਸ਼ਨਲ ਡੈਸਕ- ਜੇ ਤੁਸੀਂ ਦਿੱਲੀ ਵਿਚ ਰਹਿੰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਚਿੰਤਿਤ ਕਰ ਸਕਦੀ ਹੈ। ਸੈਂਟਰਲ ਗ੍ਰਾਊਂਡ ਵਾਟਰ ਬੋਰਡ ਦੀ ਤਾਜ਼ਾ ਰਿਪੋਰਟ 'ਚ ਦਿੱਲੀ ਦੇ ਭੂਜਲ (ਜ਼ਮੀਨੀ ਪਾਣੀ) 'ਚ ਯੂਰੇਨੀਅਮ ਦਾ ਪੱਧਰ ਖਤਰਨਾਕ ਤਰੀਕੇ ਨਾਲ ਵਧਿਆ ਮਿਲਿਆ ਹੈ। ਨਵੰਬਰ 'ਚ ਜਾਰੀ ਰਿਪੋਰਟ ਮੁਤਾਬਕ, ਦਿੱਲੀ ਦੇ 13–15 ਫੀਸਦੀ ਸੈਂਪਲਾਂ 'ਚ ਯੂਰੇਨੀਅਮ ਦੀ ਮਾਤਰਾ ਨਾਰਮਲ ਲੈਵਲ ਤੋਂ ਕਾਫ਼ੀ ਜ਼ਿਆਦਾ ਪਾਈ ਗਈ। ਬੋਰਡ ਹਰ ਸਾਲ ਦੇਸ਼ ਭਰ ਦੇ ਜ਼ਮੀਨੀ ਪਾਣੀ ਦੀ ਜਾਂਚ ਕਰਦਾ ਹੈ ਅਤੇ ਇਸ ਵਾਰ ਦਿੱਲੀ ਦੇ ਸੈਂਪਲ ਜੋ ਪ੍ਰੀ-ਮਾਨਸੂਨ ਅਤੇ ਪੋਸਟ-ਮਾਨਸੂਨ ਦੌਰਾਨ ਲਏ ਗਏ ਸਨ ਹੈਰਾਨ ਕਰਨ ਵਾਲੇ ਨਤੀਜੇ ਲੈ ਕੇ ਆਏ ਹਨ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਯੂਰੇਨੀਅਮ ਨਾਲ ਨਾਲ ਨਾਈਟ੍ਰੇਟ ਅਤੇ ਫਲੋਰਾਈਡ ਵੀ ਮਿਲੇ
ਰਿਪੋਰਟ 'ਚ ਯੂਰੇਨੀਅਮ ਤੋਂ ਇਲਾਵਾ ਨਾਈਟ੍ਰੇਟ ਅਤੇ ਫਲੋਰਾਈਡ ਵਰਗੇ ਹੋਰ ਖਤਰਨਾਕ ਰਸਾਇਣ ਵੀ ਭੂਜਲ ਵਿੱਚ ਮਿਲੇ ਹਨ। ਦਿੱਲੀ ਵਿੱਚ ਲਗਭਗ 5500 ਟਿਊਬਵੈੱਲ ਹਨ, ਜਿਨ੍ਹਾਂ ਤੋਂ ਹਰ ਰੋਜ਼ ਕਰੀਬ 450 MLD ਪਾਣੀ ਦੀ ਸਪਲਾਈ ਹੁੰਦੀ ਹੈ। ਇਸ ਨਾਲ ਇਹ ਜ਼ਹਿਰੀਲੇ ਤੱਤ ਸਿੱਧੇ ਹੀ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ।
86 ਸੈਂਪਲਾਂ ਦੀ ਜਾਂਚ, ਐਕਸ਼ਨ ਪਲਾਨ ਦੀ ਮੰਗ
ਸੈਂਟਰਲ ਗ੍ਰਾਊਂਡ ਵਾਟਰ ਬੋਰਡ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ 86 ਸੈਂਪਲ ਇਕੱਠੇ ਕੀਤੇ ਸਨ। "ਅਰਥ ਵਾਰਿਆਰ" ਦੇ ਪੰਕਜ ਨੇ ਦਿੱਲੀ ਜਲ ਬੋਰਡ ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਲਈ ਪੱਤਰ ਵੀ ਭੇਜਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਜਲ ਬੋਰਡ ਟਿਊਬਵੈੱਲ ਦੇ ਪਾਣੀ ਦਾ BIS ਮਾਪਦੰਡ ਅਨੁਸਾਰ ਟ੍ਰੀਟਮੈਂਟ ਕਰਕੇ ਹੀ ਸਪਲਾਈ ਕਰੇ। ਜਿਨ੍ਹਾਂ ਟਿਊਬਵੈੱਲ 'ਚ ਯੂਰੇਨੀਅਮ ਪਾਇਆ ਗਿਆ ਹੈ, ਉਨ੍ਹਾਂ ਦੀ ਜਨਤਕ ਜਾਣਕਾਰੀ ਵੀ ਜਾਰੀ ਕੀਤੀ ਜਾਵੇ।
ਪੰਜਾਬ ਅਤੇ ਹਰਿਆਣਾ ਸਭ ਤੋਂ ਗੰਭੀਰ ਸਥਿਤੀ 'ਚ
ਦੇਸ਼ ਭਰ ਤੋਂ ਲਏ 3754 ਸੈਂਪਲਾਂ 'ਚੋਂ ਪੰਜਾਬ ਸਭ ਤੋਂ ਖਤਰਨਾਕ ਸਥਿਤੀ 'ਚ ਹੈ ਲਗਭਗ 50 ਫੀਸਦੀ ਸੈਂਪਲਾਂ 'ਚ ਯੂਰੇਨੀਅਮ ਮਿਲਿਆ। ਹਰਿਆਣਾ 'ਚ 15–23% ਸੈਂਪਲ ਪ੍ਰਭਾਵਿਤ। ਦਿੱਲੀ 'ਚ 13–15% ਸੈਂਪਲਾਂ ਵਿੱਚ ਪੱਧਰ ਵਧੇਰੇ ਮਿਲਿਆ।
ਭੂਜਲ 'ਚ ਯੂਰੇਨੀਅਮ ਆਉਂਦਾ ਕਿੱਥੋਂ ਹੈ?
ਮਾਹਿਰਾਂ ਮੁਤਾਬਕ, ਯੂਰੇਨੀਅਮ ਵਧਣ ਦੇ ਮੁੱਖ ਕਾਰਨ ਹਨ:
- ਖੇਤੀ 'ਚ ਵਰਤੇ ਜਾਣ ਵਾਲੇ ਫਾਸਫੇਟ ਆਧਾਰਿਤ ਖਾਦ
- ਉਦਯੋਗਿਕ ਪ੍ਰਦੂਸ਼ਣ
- ਜਦੋਂ ਇਹ ਤੱਤ ਧਰਤੀ 'ਚ ਰਿਸਦੇ ਹਨ, ਤਾਂ ਇਹ ਭੂਜਲ ਨੂੰ ਪ੍ਰਭਾਵਿਤ ਕਰਦੇ ਹਨ।
ਯੂਰੇਨੀਅਮ ਦੇ ਸਿਹਤ 'ਤੇ ਖਤਰੇ
ਵਿਗਿਆਨੀਆਂ ਅਨੁਸਾਰ, ਯੂਰੇਨੀਅਮ ਵਾਲਾ ਪਾਣੀ ਜੇਕਰ ਲੰਮੇ ਸਮੇਂ ਤੱਕ ਪੀਤਾ ਜਾਵੇ, ਤਾਂ ਇਹ ਕਾਰਣ ਬਣ ਸਕਦਾ ਹੈ:
- ਕਿਡਨੀ ਫੇਲੀਅਰ
- ਪਿਸ਼ਾਬ ਨਲੀ ਦਾ ਕੈਂਸਰ
- ਹੱਡੀਆਂ ਅਤੇ ਨਰਵ ਸਿਸਟਮ ਨਾਲ ਜੁੜੀਆਂ ਗੰਭੀਰ ਬੀਮਾਰੀਆਂ
ਇਸ ਕਰਕੇ ਭੂਜਲ 'ਚ ਯੂਰੇਨੀਅਮ ਦਾ ਵਧਦਾ ਪੱਧਰ ਸਿਹਤ ਮਾਹਿਰਾਂ ਲਈ ਇੱਕ ਵੱਡੀ ਚਿੰਤਾ ਬਣਿਆ ਹੋਇਆ ਹੈ।
