ਗੋਆ ਅਗਨੀਕਾਂਡ: ਲੂਥਰਾ ਬ੍ਰਦਰਜ਼ ਨੂੰ ਵੱਡਾ ਝਟਕਾ, ਦਿੱਲੀ ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ
Thursday, Dec 11, 2025 - 07:25 PM (IST)
ਨੈਸ਼ਨਲ ਡੈਸਕ : ਦਿੱਲੀ ਹਾਈ ਕੋਰਟ ਨੇ ਗੋਆ ਦੇ ਇੱਕ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ ਦੇ ਮੁਲਜ਼ਮ ਲੂਥਰਾ ਬ੍ਰਦਰਜ਼ (ਸੌਰਭ ਲੂਥਰਾ ਤੇ ਗੌਰਵ ਲੂਥਰਾ) ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਸਖ਼ਤ ਟਿੱਪਣੀ ਕਰਦੇ ਹੋਏ ਖਾਰਜ ਕਰ ਦਿੱਤਾ ਹੈ। ਕੋਰਟ ਨੇ ਮੁਲਜ਼ਮਾਂ ਦੇ ਉਸ ਦਾਅਵੇ ਨੂੰ ਵੀ ਨਕਾਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਤੇ ਗੋਆ ਵਿੱਚ ਉਨ੍ਹਾਂ ਦੀ ਲਿੰਚਿੰਗ (ਕੁੱਟਮਾਰ ਕਰਕੇ ਮਾਰ ਦੇਣਾ) ਹੋ ਸਕਦੀ ਹੈ।
ਅਦਾਲਤ ਨੇ ਕਿਹਾ ਕਿ ਅਪਰਾਧ ਦੀ ਪ੍ਰਕਿਰਤੀ 'ਪਹਿਲੀ ਨਜ਼ਰੇ ਬੇਹੱਦ ਗੰਭੀਰ ਅਤੇ ਭਿਆਨਕ' ਹੈ, ਜਿਸ ਵਿੱਚ 25 ਲੋਕਾਂ ਦੀ ਜਾਨ ਚਲੀ ਗਈ. ਹਾਈ ਕੋਰਟ ਨੇ ਮੁਲਜ਼ਮਾਂ ਦੇ ਆਚਰਣ 'ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਤੋਂ ਤੱਥ ਲੁਕਾਏ ਹਨ। ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਇੰਨੇ ਵੱਡੇ ਹਾਦਸੇ ਦੇ ਤੁਰੰਤ ਬਾਅਦ ਉਨ੍ਹਾਂ ਦਾ ਦੇਸ਼ ਛੱਡ ਕੇ ਜਾਣਾ ਉਨ੍ਹਾਂ ਦੇ ਇਰਾਦਿਆਂ 'ਤੇ ਸ਼ੱਕ ਪੈਦਾ ਕਰਦਾ ਹੈ।
ਦਸਤਾਵੇਜ਼ਾਂ ਅਨੁਸਾਰ 'ਬਿਰਚ ਬਾਏ ਰੋਮੀਓ ਲੇਨ' ਨਾਈਟ ਕਲੱਬ, ਜਿੱਥੇ 6 ਦਸੰਬਰ ਦੀ ਦੇਰ ਰਾਤ ਅੱਗ ਲੱਗੀ ਸੀ, ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ, ਕਿਉਂਕਿ ਇਸ ਦੇ ਲਾਇਸੈਂਸ ਸਮਝੌਤੇ, ਟ੍ਰੇਡ ਲਾਇਸੈਂਸ ਅਤੇ ਲੀਜ਼ ਡੀਡ ਪਹਿਲਾਂ ਹੀ ਖਤਮ ਹੋ ਚੁੱਕੇ ਸਨ।
ਦਿੱਲੀ ਹਾਈ ਕੋਰਟ ਨੇ ਲੂਥਰਾ ਬ੍ਰਦਰਜ਼ ਵੱਲੋਂ ਕੀਤੇ ਗਏ ਲਿੰਚਿੰਗ ਦੇ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਕਾਨੂੰਨ ਦੇ ਅਨੁਸਾਰ ਜਾਂਚ ਅਧਿਕਾਰੀ ਜਾਂ ਅਦਾਲਤ ਦੁਆਰਾ ਕੀਤੀ ਗਈ ਕਾਰਵਾਈ ਨੂੰ ਜਾਨ ਦੇ ਖ਼ਤਰੇ ਦੀ ਸੰਭਾਵਨਾ ਨਹੀਂ ਕਿਹਾ ਜਾ ਸਕਦਾ। ਮੁਲਜ਼ਮਾਂ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਉਹ ਭੱਜ ਨਹੀਂ ਰਹੇ ਸਨ, ਸਗੋਂ ਥਾਈਲੈਂਡ ਦੇ ਫੁਕੇਤ ਵਿੱਚ ਇੱਕ ਰੈਸਟੋਰੈਂਟ ਖੋਲ੍ਹਣ ਲਈ ਇੱਕ ਵਪਾਰਕ ਯਾਤਰਾ 'ਤੇ ਗਏ ਸਨ।
ਜ਼ਿਕਰਯੋਗ ਹੈ ਕਿ ਹਾਦਸੇ ਤੋਂ ਬਾਅਦ ਭੱਜੇ ਲੂਥਰਾ ਬ੍ਰਦਰਜ਼ (ਸੌਰਭ ਲੂਥਰਾ ਅਤੇ ਗੌਰਵ ਲੂਥਰਾ) ਨੂੰ ਇੰਟਰਪੋਲ ਦੇ ਬਲੂ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਥਾਈ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਸੀ। ਉਨ੍ਹਾਂ ਨੇ ਮੈਡੀਕਲ ਆਧਾਰਾਂ 'ਤੇ ਵੀ ਚਾਰ ਹਫ਼ਤਿਆਂ ਲਈ ਗ੍ਰਿਫ਼ਤਾਰੀ ਤੋਂ ਸੁਰੱਖਿਆ ਮੰਗੀ ਸੀ, ਜਿਸ ਦਾ ਗੋਆ ਪੁਲਿਸ ਨੇ ਕੜਾ ਵਿਰੋਧ ਕਰਦਿਆਂ ਉਨ੍ਹਾਂ ਨੂੰ 'ਝੂਠਾ ਅਤੇ ਬਣਾਉਟੀ' ਦੱਸਿਆ ਸੀ।
