ਦਿੱਲੀ ਏਅਰਪੋਰਟ 'ਤੇ ਮਿਲਿਆ ਸ਼ੱਕੀ ਬੈਗ, RDX ਦਾ ਖਦਸ਼ਾ (ਵੀਡੀਓ)
Friday, Nov 01, 2019 - 10:41 AM (IST)
ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਟਰਮਿਨਲ 3 'ਤੇ ਇਕ ਸ਼ੱਕੀ ਬੈਗ ਮਿਲਣ ਨਾਲ ਹੜਕੰਪ ਮਚ ਗਿਆ। ਇਸ ਬੈਗ ਤੋਂ ਸੁਰੱਖਿਆ ਏਜੰਸੀਆਂ ਨੂੰ ਆਰ.ਡੀ.ਐਕਸ. ਦਾ ਖਦਸ਼ਾ ਹੈ। ਸ਼ੱਕੀ ਬੈਗ ਮਿਲਣ ਦੀ ਸੂਚਨਾ ਦੇ ਤੁਰੰਤ ਬਾਅਦ ਪੁਲਸ ਨੇ ਬੈਗ ਨੂੰ ਕਬਜ਼ੇ 'ਚ ਲੈ ਲਿਆ ਹੈ। ਦਿੱਲੀ ਪੁਲਸ ਦੇ ਅਧਿਕਾਰੀ ਅਨੁਸਾਰ, ਏਅਰਪੋਰਟ ਪੁਲਸ ਸਟੇਸ਼ਨ ਨੂੰ ਸ਼ੁੱੱਕਰਵਾਰ ਤੜਕੇ ਕਰੀਬ 1 ਵਜੇ ਇਕ ਸ਼ੱਕੀ ਬੈਗ ਮਿਲਣ ਦੀ ਖਬਰ ਮਿਲੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਉਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਜਾਂਚ 'ਚ ਬੈਗ 'ਚੋਂ ਆਰ.ਡੀ.ਐਕਸ. ਮਿਲਣ ਦਾ ਖਦਸ਼ਾ ਹੈ।
ਹਾਲਾਂਕਿ ਸੀ.ਆਈ.ਐੱਸ.ਐੱਫ. ਦੇ ਏ.ਡੀ.ਜੀ. ਐੱਮ. ਏ. ਗਣਪਤੀ ਨੇ ਕਿਹਾ ਕਿ ਬੈਗ 'ਚ ਆਰ.ਡੀ.ਐਕਸ. ਜਾਂ ਕਿਸੇ ਹੋਰ ਵਿਸਫੋਟਕ ਦੀ ਪੁਸ਼ਟੀ ਨਹੀਂ ਹੈ। ਏਅਰਪੋਰਟ ਦੇ ਬਾਹਰ ਲਵਾਰਿਸ ਬੈਗ ਮਿਲਿਆ ਸੀ, ਜਿਸ ਨੂੰ ਬੰਬ ਪਰੂਫ ਗੱਡੀ 'ਚ ਲਿਜਾਇਆ ਗਿਆ। ਫਿਲਹਾਲ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ। ਪੁਸ਼ਟੀ ਹੋਣ 'ਚ 24 ਘੰਟੇ ਦਾ ਸਮਾਂ ਲੱਗੇਗਾ।
ਸ਼ੁੱਕਰਵਾਰ ਤੜਕੇ ਇਕ ਵਜੇ ਪਿਲਰ ਨੰਬਰ 4 ਦੀ ਐਂਟਰੀ ਕੋਲ ਇਕ ਸ਼ੱਕੀ ਬੈਗ ਮਿਲਿਆ। ਇਸ ਨੂੰ ਸੀ.ਆਈ.ਐੱਸ.ਐੱਫ. ਦੇ ਕਾਂਸਟੇਬਲ ਵੀ.ਕੇ. ਸਿੰਘ ਨੇ ਦੇਖਿਆ। ਇਸ ਦੌਰਾਨ ਬੈਗ ਦੇ ਅੰਦਰ ਆਰ.ਡੀ.ਐਕਸ. ਵਰਗਾ ਵਿਸਫੋਟਕ ਮਿਲਿਆ। ਤੁਰੰਤ ਬੰਬ ਰੋਕੂ ਦਸਤੇ ਨੂੰ ਬੁਲਾਇਆ ਗਿਆ ਅਤੇ ਯਾਤਰੀਆਂ-ਗੱਡੀਆਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ। ਏਅਰਪੋਰਟ 'ਤੇ ਸ਼ੱਕੀ ਬੈਗ ਮਿਲਣ ਨਾਲ ਯਾਤਰੀਆਂ 'ਚ ਹੜਕੰਪ ਮਚ ਗਿਆ। ਜਿਸ ਤੋਂ ਬਾਅਦ ਟਰਮਿਨਲ 3 ਦੇ ਸਾਹਮਣੇ ਦਾ ਰੋਡ ਬੰਦ ਕਰ ਦਿੱਤਾ ਗਿਆ। ਉੱਥੇ ਹੀ ਏਅਰਪੋਰਟ 'ਤੇ ਲੋਕਾਂ ਨੂੰ ਟਰਮਿਨਲ-3 ਤੋਂ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਦਿੱੱਤੀ ਗਈ ਸੀ। ਪੁਲਸ ਹਾਲੇ ਮਾਮਲੇ ਦੀ ਜਾਂਚ ਕਰ ਰਹੀ ਹੈ।