ਪ੍ਰੀਖਿਆ ''ਚ 6 ਮਿੰਟ ਦੇਰੀ ਨਾਲ ਪਹੁੰਚਣ ਵਾਲੀ ਵਿਦਿਆਰਥਣ ਨੂੰ ਰਾਹਤ ਦੇਣ ਤੋਂ ਕੋਰਟ ਦਾ ਇਨਕਾਰ
Thursday, Jun 05, 2025 - 05:43 PM (IST)

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਪ੍ਰੀਖਿਆ ਦੀ 'ਸ਼ੁੱਧਤਾ ਅਤੇ ਅਨੁਸ਼ਾਸਨ' ਨੂੰ ਰੇਖਾਂਕਿਤ ਕਰਦੇ ਹੋਏ 'ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ' (CUET) 'ਚ 6 ਮਿੰਟ ਦੇਰੀ ਨਾਲ ਹਾਜ਼ਰ ਹੋਣ ਵਾਲੀ ਇਕ ਵਿਦਿਆਰਥਣ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 18 ਸਾਲਾ ਵਿਦਿਆਰਥਣ ਨੇ ਦਾਅਵਾ ਕੀਤਾ ਕਿ 13 ਮਈ ਨੂੰ ਉਹ ਪ੍ਰੀਖਿਆ ਦੇ ਤੈਅ ਸਮੇਂ ਤੋਂ 6 ਮਿੰਟ ਬਾਅਦ ਸਵੇਰੇ ਕਰੀਬ 8.36 ਵਜੇ ਪ੍ਰੀਖਿਆ ਕੇਂਦਰ ਪਹੁੰਚੀ ਸੀ ਪਰ ਉਸ ਨੂੰ ਦਾਖ਼ਲਾ ਨਹੀਂ ਦਿੱਤਾ ਗਿਆ। ਜਸਟਿਸ ਪ੍ਰਤਿਭਾ ਐੱਮ ਸਿੰਘ ਅਤੇ ਜਸਟਿਸ ਰਜਨੀਸ਼ ਕੁਮਾਰ ਗੁਪਤਾ ਦੀ ਬੈਂਚ ਮਾਮਲੇ 'ਚ ਦਖ਼ਲਅੰਦਾਜੀ ਕਰਨ ਵਾਲੇ ਸਿੰਗਲ ਜੱਜ ਦੇ ਹੁਕਮ ਵਿਰੁੱਧ ਵਿਦਿਆਰਥਣ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਬੈਂਚ ਨੇ ਪਾਇਆ ਕਿ ਰਾਸ਼ਟਰੀ ਪ੍ਰੀਖਿਆ ਅਥਾਰਟੀ ਦੇ ਸੂਚਨਾ ਬੁਲੇਟਿਨ ਅਤੇ ਐਡਮਿਟ ਕਾਰਡ 'ਚ ਪ੍ਰੀਖਿਆ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਸਵੇਰੇ 7 ਵਜੇ ਦੇ ਕਰੀਬ ਕੇਂਦਰ ਪਹੁੰਚਣ ਬਾਰੇ ਬਹੁਤ ਸਪੱਸ਼ਟ ਨਿਰਦੇਸ਼ ਦਿੱਤੇ ਗਏ ਸਨ ਅਤੇ ਦੱਸਿਆ ਗਿਆ ਸੀ ਕਿ ਸਵੇਰੇ 8.30 ਵਜੇ ਦੇ ਕਰੀਬ ਬੰਦ ਕਰ ਦਿੱਤੇ ਜਾਣਗੇ।
ਬੈਂਚ ਨੇ ਕਿਹਾ ਕਿ ਇੰਨੀ ਵੱਡੀ ਪ੍ਰੀਖਿਆ ਕਰਵਾਉਣ 'ਚ ਲਾਪਰਵਾਹੀ ਨਾਲ ਅਵਿਵਸਥਾ ਪੈਦਾ ਹੋਵੇਗੀ ਅਤੇ 'ਪ੍ਰੀਖਿਆ ਦਾ ਅਨੁਸ਼ਾਸਨ ਬਣਾਈ ਰੱਖਿਆ ਜਾਣਾ ਚਾਹੀਦਾ'। ਅਦਾਲਤ ਨੇ 31 ਮਈ ਨੂੰ ਕਿਹਾ,''ਸੀਯੂਈਟੀ ਇਕ ਮਹੱਤਵਪੂਰਨ ਪ੍ਰਵੇਸ਼ ਪ੍ਰੀਖਿਆ ਹੈ ਅਤੇ ਪ੍ਰੀਖਿਆ ਹਾਲ 'ਚ ਸਮੇਂ 'ਤੇ ਪਹੁੰਚਣਾ, ਸਮੇਂ 'ਤੇ ਸੀਟ 'ਤੇ ਪਹੁੰਚਣਾ ਅਤੇ ਗੇਟ ਬੰਦ ਹੋਣ ਦੇ ਸਮੇਂ ਤੋਂ ਪਹਿਲਾਂ ਕੇਂਦਰ 'ਚ ਹੋਣਾ, ਇਹ ਸਾਰੇ ਪ੍ਰੀਖਿਆ ਪ੍ਰਣਾਲੀ ਦੇ ਅਨੁਸ਼ਾਸਨ ਅਤੇ ਲੋਕਾਚਾਰ ਦਾ ਹਿੱਸਾ ਹਨ, ਜਿਨ੍ਹਾਂ 'ਚ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ। ਕਿਉਂਕਿ ਇਸ ਨਾਲ ਸਮਾਨ ਸਥਿਤੀ ਵਾਲੇ ਵਿਦਿਆਰਥੀਆਂ ਵਿਚਾਲੇ ਭਾਰੀ ਅਸਮਾਨਤਾ ਪੈਦਾ ਹੋ ਸਕਦੀ ਹੈ।'' ਬੈਂਚ ਨੇ ਵਿਦਿਆਰਥੀ ਦੀ ਅਪੀਲ ਖਾਰਜ ਕਰ ਦਿੱਤੀ ਅਤੇ ਕਿਹਾ,''ਕਿਸੇ ਨੂੰ ਲੱਗ ਸਕਦਾ ਹੈ ਕਿ ਇਹ ਸਿਰਫ਼ 6 ਮਿੰਟ ਦਾ ਮਾਮਲਾ ਸੀ ਪਰ ਗੇਟ ਬੰਦ ਹੋਣ ਦੇ ਸਮੇਂ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਅਧਿਕਾਰੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8