AIMIM ਦਾ ਰਜਿਸਟਰੇਸ਼ਨ ਰੱਦ ਕਰਨ ਦੀ ਪਟੀਸ਼ਨ ''ਤੇ ਵਿਚਾਰ ਕਰਨ ਤੋਂ ਸੁਪਰੀਮ ਕੋਰਟ ਦਾ ਇਨਕਾਰ
Wednesday, Jul 16, 2025 - 09:44 AM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਦੀ ਅਗਵਾਈ ਵਾਲੀ ਸਿਆਸੀ ਪਾਰਟੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐੱਮਆਈਐੱਮ) ਦਾ ਰਜਿਸਟਰੇਸ਼ਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੇਸ਼ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਮੰਗਲਵਾਰ ਨੂੰ ਇਨਕਾਰ ਕਰ ਦਿੱਤਾ। ਜੱਜ ਸੂਰੀਆਕਾਂਤ ਅਤੇ ਜੱਜ ਜਾਇਮਾਲਿਆ ਬਾਗਚੀ ਦੀ ਬੈਂਚ ਨੇ ਤਿਰੂਪਤੀ ਨਰਸਿਮਹਾ ਮੁਰਾਰੀ ਦੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰਨ ਦੇ ਨਾਲ ਹੀ ਕਿਹਾ ਕਿ ਉਹ ਧਾਰਮਿਕ ਮਕਸਦਾਂ ਵਾਲੇ ਸਿਆਸੀ ਦਲਾਂ ਦੇ ਆਗੂਆਂ ਦੇ ਫਿਰਕੂ ਬਿਆਨਾਂ ਖ਼ਿਲਾਫ਼ ਇਕ ਰਿਟ ਪਟੀਸ਼ਨ ਦਾਇਰ ਕਰ ਸਕਦੇ ਹਨ।
ਮੁਰਾਰੀ ਨੇ ਦਿੱਲੀ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਸੀ, ਜਿਸ 'ਚ ਜਨਪ੍ਰਤੀਨਿਧੀਤੱਵ ਐਕਟ ਦੇ ਅਧੀਨ ਸਿਆਸੀ ਦਲ ਵਜੋਂ ਏਆਈਐੱਮਆਈਐੱਮ ਦੇ ਰਜਿਸਟਰੇਸ਼ਨ ਖ਼ਿਲਾਫ਼ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ। ਸੁਪਰੀਮ ਕੋਰਟ ਵਲੋਂ ਹਾਈ ਕੋਰਟ ਦੇ ਉਸ ਫ਼ੈਸਲੇ 'ਚ ਦਖ਼ਲਅੰਦਾਜੀ ਤੋਂ ਇਨਕਾਰ ਕਰਨ ਤੋਂ ਬਾਅਦ ਪਟੀਸ਼ਨਕਰਤਾ ਨੇ ਆਪਣੀ ਵਿਸ਼ੇਸ਼ ਮਨਜ਼ੂਰੀ ਪਟੀਸ਼ਨ ਅਦਾਲਤ ਦੀ ਮਨਜ਼ੂਰੀ 'ਤੇ ਵਾਪਸ ਲੈਣ ਦਾ ਫ਼ੈਸਲਾ ਕੀਤਾ। ਮੁਰਾਰੀ ਨੇ ਆਪਣੀ ਪਟੀਸ਼ਨ 'ਚ ਦੋਸ਼ ਲਗਾਇਆ ਸੀ ਕਿ ਏਆਈਐੱਮਆਈਐੱਮ ਦਾ ਐਲਾਨ ਮਕਸਦ ਸਿਰਫ਼ ਮੁਸਲਿਮ ਭਾਈਚਾਰੇ ਦੀ ਸੇਵਾ ਕਰਨਾ ਹੈ। ਇਸ ਲਈ ਧਰਮਨਿਰਪੱਖਤਾ ਦੇ ਸਿਧਾਂਤ ਦੀ ਉਲੰਘਣਾ ਕਰਨ ਕਾਰਨ ਇਸ ਨੂੰ ਸਿਆਸੀ ਦਲ ਵਜੋਂ ਮਾਨਤਾ ਨਹੀਂ ਦਿੱਤੀ ਜਾ ਸਕਦੀ। ਅਜਿਹੇ 'ਚ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਏਆਈਐੱਮਆਈਐੱਮ ਦਾ ਰਜਿਸਟਰੇਸ਼ਨ ਰੱਦ ਕਰ ਦੇਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8