''ਕੁੱਤਿਆਂ ਨੂੰ ਆਪਣੇ ਘਰ ''ਚ ਖਾਣਾ ਕਿਉਂ ਨਹੀਂ ਦਿੰਦੇ''... ਸੁਪਰੀਮ ਕੋਰਟ ਨੇ ਕਿਉਂ ਕਹੀ ਅਜਿਹੀ ਗੱਲ
Wednesday, Jul 16, 2025 - 09:59 AM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਨੋਇਡਾ 'ਚ ਅਵਾਰਾ ਕੁੱਤਿਆਂ ਨੂੰ ਖਾਣਾ ਦੇਣ 'ਤੇ ਪਰੇਸ਼ਾਨ ਕੀਤੇ ਜਾਣ ਦਾ ਦੋਸ਼ ਲਗਾਉਣ ਵਾਲੀ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਮੰਗਲਵਾਰ ਨੂੰ ਪਟੀਸ਼ਨਕਰਤਾ ਤੋਂ ਪੁੱਛਿਆ,''ਤੁਸੀਂ ਉਨ੍ਹਾਂ ਨੂੰ ਆਪਣੇ ਘਰ ਕਿਉਂ ਨਹੀਂ ਖੁਆਉਂਦੇ?" ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਕਿਹਾ, "ਕੀ ਸਾਨੂੰ ਇਨ੍ਹਾਂ ਵੱਡੇ ਦਿਲ ਵਾਲੇ ਲੋਕਾਂ ਲਈ ਹਰ ਗਲੀ, ਹਰ ਸੜਕ ਖੁੱਲ੍ਹੀ ਛੱਡ ਦੇਣੀ ਚਾਹੀਦੀ ਹੈ? ਇਨ੍ਹਾਂ ਜਾਨਵਰਾਂ ਲਈ ਤਾਂ ਪੂਰੀ ਜਗ੍ਹਾ ਹੈ ਪਰ ਮਨੁੱਖਾਂ ਲਈ ਕੋਈ ਜਗ੍ਹਾ ਨਹੀਂ ਹੈ। ਤੁਸੀਂ ਉਨ੍ਹਾਂ ਨੂੰ ਆਪਣੇ ਘਰ ਕਿਉਂ ਨਹੀਂ ਖੁਆਉਂਦੇ? ਤੁਹਾਨੂੰ ਕੋਈ ਨਹੀਂ ਰੋਕ ਰਿਹਾ ਹੈ।"
ਇਹ ਪਟੀਸ਼ਨ ਇਲਾਹਾਬਾਦ ਹਾਈ ਕੋਰਟ ਦੇ ਮਾਰਚ 2025 ਦੇ ਆਦੇਸ਼ ਨਾਲ ਸਬੰਧਤ ਹੈ। ਵਕੀਲ ਨੇ ਕਿਹਾ ਕਿ ਪਟੀਸ਼ਨਕਰਤਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹ ਪਸ਼ੂ ਜਨਮ ਕੰਟਰੋਲ ਨਿਯਮਾਂ ਅਨੁਸਾਰ ਸੜਕਾਂ 'ਤੇ ਰਹਿਣ ਵਾਲੇ ਕੁੱਤਿਆਂ ਨੂੰ ਭੋਜਨ ਦੇਣ 'ਚ ਅਸਮਰੱਥ ਹੈ। ਪਸ਼ੂ ਜਨਮ ਕੰਟਰੋਲ ਨਿਯਮ, 2023 ਦਾ ਨਿਯਮ 20 ਸੜਕਾਂ 'ਤੇ ਰਹਿਣ ਵਾਲੇ ਜਾਨਵਰਾਂ ਨੂੰ ਖੁਆਉਣ ਨਾਲ ਸੰਬੰਧਿਤ ਹੈ ਅਤੇ ਇਹ ਕੰਪਲੈਕਸ ਜਾਂ ਉਸ ਖੇਤਰ 'ਚ ਰਹਿਣ ਵਾਲੇ ਪਸ਼ੂਆਂ ਦੇ ਭੋਜਨ ਲਈ ਜ਼ਰੂਰੀ ਵਿਵਸਥਾ ਕਰਨ ਦੀ ਜ਼ਿੰਮੇਵਾਰੀ ਸਥਾਨਕ ਨਿਵਾਸੀ ਭਲਾਈ ਐਸੋਸੀਏਸ਼ਨ ਜਾਂ ਅਪਾਰਟਮੈਂਟ ਮਾਲਕ ਐਸੋਸੀਏਸ਼ਨ ਜਾਂ ਸਥਾਨਕ ਸੰਸਥਾ ਦੇ ਪ੍ਰਤੀਨਿਧੀ 'ਤੇ ਪਾਉਂਦਾ ਹੈ। ਹਾਲਾਂਕਿ, ਸੁਪਰੀਮ ਕੋਰਟ ਨੇ ਕਿਹਾ, "ਅਸੀਂ ਤੁਹਾਨੂੰ ਸੁਝਾਅ ਦਿੰਦੇ ਹਾਂ ਕਿ ਤੁਸੀਂ ਆਪਣੇ ਘਰ 'ਚ ਇਕ ਆਸਰਾ ਖੋਲ੍ਹੋ। ਗਲੀ-ਮੁਹੱਲੇ ਦੇ ਹਰੇਕ ਕੁੱਤੇ ਨੂੰ ਆਪਣੇ ਘਰ 'ਚ ਹੀ ਖਾਣਾ ਦਿਓ।"
ਪਟੀਸ਼ਨਕਰਤਾ ਦੇ ਵਕੀਲ ਨੇ ਨਿਯਮਾਂ ਦੀ ਪਾਲਣਾ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਨਗਰ ਨਿਗਮ ਗ੍ਰੇਟਰ ਨੋਇਡਾ 'ਚ ਅਜਿਹੀਆਂ ਥਾਵਾਂ ਸਥਾਪਤ ਕਰ ਰਿਹਾ ਹੈ ਪਰ ਨੋਇਡਾ 'ਚ ਨਹੀਂ। ਉਨ੍ਹਾਂ ਕਿਹਾ ਕਿ ਫੀਡਿੰਗ ਸੈਂਟਰ ਉਨ੍ਹਾਂ ਥਾਵਾਂ 'ਤੇ ਸਥਾਪਤ ਕੀਤੇ ਜਾ ਸਕਦੇ ਹਨ ਜਿੱਥੇ ਲੋਕ ਅਕਸਰ ਨਹੀਂ ਜਾਂਦੇ। ਬੈਂਚ ਨੇ ਪੁੱਛਿਆ,"ਕੀ ਤੁਸੀਂ ਸਵੇਰੇ ਸਾਈਕਲ ਚਲਾਉਣ ਜਾਂਦੇ ਹੋ? ਅਜਿਹਾ ਕਰ ਕੇ ਦੇਖੋ ਕੀ ਹੁੰਦਾ ਹੈ।'' ਜਦੋਂ ਵਕੀਲ ਨੇ ਕਿਹਾ ਕਿ ਉਹ ਸਵੇਰ ਦੀ ਸੈਰ 'ਤੇ ਜਾਂਦੇ ਹਨ ਅਤੇ ਕਈ ਕੁੱਤਿਆਂ ਨੂੰ ਦੇਖਦੇ ਹਨ ਤਾਂ ਬੈਂਚ ਨੇ ਕਿਹਾ,''ਸਵੇਰ ਦੀ ਸੈਰ ਕਰਨ ਵਾਲਿਆਂ ਨੂੰ ਵੀ ਖ਼ਤਰਾ ਹੈ। ਸਾਈਕਲ ਸਵਾਰ ਅਤੇ ਦੋਪਹੀਆ ਵਾਹਨ ਡਰਾਈਵਰਾਂ ਨੂੰ ਜ਼ਿਆਦਾ ਖ਼ਤਰਾ ਹੈ।'' ਇਸ ਤੋਂ ਬਾਅਦ ਬੈਂਚ ਨੇ ਇਸ ਪਟੀਸ਼ਨ ਨੂੰ ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ 'ਤੇ ਪੈਂਡਿੰਗ ਟੀਸ਼ਨ ਨਾਲ ਜੋੜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8