ਦਿੱਲੀ ਹਾਈ ਕੋਰਟ ਦੀ ਸਖ਼ਤ ਟਿੱਪਣੀ, ਆਕਸੀਜਨ ਦੀ ਸਪਲਾਈ ਰੋਕਣ ਵਾਲੇ ਨੂੰ 'ਅਸੀਂ ਲਟਕਾ ਦੇਵਾਂਗੇ'
Saturday, Apr 24, 2021 - 02:18 PM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਕੇਂਦਰ, ਸੂਬਾ ਜਾਂ ਸਥਾਨਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਕਸੀਜਨ ਦੀ ਸਪਲਾਈ 'ਚ ਰੁਕਾਵਟ ਪੈਦਾ ਕਰ ਰਿਹਾ ਹੈ ਤਾਂ 'ਅਸੀਂ ਉਸ ਵਿਅਕਤੀ ਨੂੰ ਲਟਕਾ ਦੇਵਾਂਗੇ।'' ਜੱਜ ਵਿਪਿਨ ਸਾਂਘੀ ਅਤੇ ਜੱਜ ਰੇਖਾ ਪੱਲੀ ਦੀ ਬੈਂਚ ਵਲੋਂ ਉਕਤ ਟਿੱਪਣੀ ਮਹਾਰਾਜਾ ਅਗਰਸੇਨ ਹਸਪਤਾਲ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਆਈ ਹੈ। ਹਸਪਤਾਲ ਨੇ ਗੰਭੀਰ ਰੂਪ ਨਾਲ ਬੀਮਾਰ ਕੋਵਿਡ ਮਰੀਜ਼ਾਂ ਲਈ ਆਕਸੀਜਨ ਦੀ ਘਾਟ ਨੂੰ ਲੈ ਕੇ ਅਦਾਲਤ ਦਾ ਰੁਖ ਕੀਤਾ। ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਦੱਸਣ ਕਿ ਕੌਣ ਆਕਸੀਜਨ ਦੀ ਸਪਲਾਈ 'ਚ ਰੁਕਾਵਟ ਪਾ ਰਿਹਾ ਹੈ।
ਬੈਂਚ ਨੇ ਕਿਹਾ,''ਅਸੀਂ ਉਸ ਵਿਅਕਤੀ ਨੂੰ ਲਟਕਾ ਦੇਵਾਂਗੇ। ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ।'' ਅਦਾਲਤ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਸਥਾਨਕ ਪ੍ਰਸ਼ਾਸਨ ਦੇ ਅਜਿਹੇ ਅਧਿਕਾਰੀਆਂ ਬਾਰੇ ਕੇਂਦਰ ਨੂੰ ਦੱਸਣ ਤਾਂ ਕਿ ਉਹ ਉਨ੍ਹਾਂ ਵਿਰੁੱਧ ਕਾਰਵਾਈ ਕਰ ਸਕਣ। ਹਾਈ ਕੋਰਟ ਨੇ ਕੇਂਦਰ ਨੂੰ ਵੀ ਸਵਾਲ ਕੀਤਾ ਕਿ ਦਿੱਲੀ ਲਈ ਵੰਡ ਹਰ ਦਿਨ 480 ਮੀਟ੍ਰਿਕ ਟਨ ਆਕਸੀਜਨ ਉਸ ਨੂੰ ਕਦੋਂ ਮਿਲੇਗੀ? ਅਦਾਲਤ ਨੇ ਕਿਹਾ,''ਕੇਂਦਰ ਨੇ ਸਾਨੂੰ 21 ਅਪ੍ਰੈਲ ਨੂੰ ਭਰੋਸਾ ਦਿੱਤਾ ਸੀ ਕਿ ਦਿੱਲੀ 'ਚ ਹਰ ਦਿਨ 480 ਮੀਟ੍ਰਿਕ ਟਨ ਆਕਸੀਜਨ ਪਹੁੰਚੇਗੀ। ਸਾਨੂੰ ਦੱਸਣ ਕਿ ਇਹ ਕਦੋਂ ਆਏਗੀ?'' ਦਿੱਲੀ ਸਰਕਾਰ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਸਿਰਫ਼ 380 ਮੀਟ੍ਰਿਕ ਟਨ ਆਕਸੀਜਨ ਹੀ ਮਿਲ ਰਹੀ ਹੈ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਕਰੀਬ 300 ਮੀਟ੍ਰਿਕ ਟਨ ਆਕਸੀਜਨ ਮਿਲੀ ਸੀ। ਇਸ ਤੋਂ ਬਾਅਦ ਅਦਾਲਤ ਨੇ ਕੇਂਦਰ ਨੂੰ ਸਵਾਲ ਕੀਤਾ।