ਦਿੱਲੀ ਦੇ ਸਰਕਾਰੀ ਸਕੂਲ ''ਇੰਡੀਆ ਸਕੂਲ ਰੈਂਕਿੰਗ'' ''ਚ ਚੋਟੀ ''ਤੇ, ਕੇਜਰੀਵਾਲ ਨੇ ਦਿੱਤੀ ਵਧਾਈ
Wednesday, Oct 12, 2022 - 11:52 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਦੀ ਸਿੱਖਿਆ ਟੀਮ ਨੂੰ ਵਧਾਈ ਦਿੰਦਿਆਂ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ 2 ਸਰਕਾਰੀ ਸਕੂਲ ਦੇਸ਼ 'ਚ ਸੂਬਾ ਸਰਕਾਰਾਂ ਦੇ ਸਕੂਲਾਂ ਦੀ ਰੈਂਕਿੰਗ 'ਚ ਚੋਟੀ 'ਤੇ ਰਹੇ ਹਨ। ਕੇਜਰੀਵਾਲ ਨੇ ਟਵੀਟ ਕੀਤਾ,''ਮੈਨੂੰ ਆਪਣੀ ਸਿੱਖਿਆ ਟੀਮ 'ਤੇ ਮਾਣ ਹੈ। ਦਿੱਲੀ ਸਰਕਾਰ ਦੇ ਸਕੂਲਾਂ ਨੇ ਭਾਰਤ 'ਚ ਸੂਬਾ ਸਰਕਾਰਾਂ ਦੇ ਸਰਵਸ਼੍ਰੇਸ਼ਠ ਸਕੂਲਾਂ ਦੀ ਸੂਚੀ 'ਐਜੂਕੇਸ਼ਨ ਵਰਲਡ (ਈ.ਡਬਲਿਯੂ.) ਸਕੂਲ ਰੈਂਕਿੰਗ' 'ਚ ਇਕ ਵਾਰ ਮੁੜ ਚੋਟੀ ਦਾ ਸਥਾਨ ਹਾਸਲ ਕੀਤਾ।''
ਈ.ਡਬਲਿਊ. ਵੱਲੋਂ ਜਾਰੀ ਕੀਤੀ ਗਈ ਰੈਂਕਿੰਗ 'ਚ ਦਿੱਲੀ ਸਰਕਾਰ ਵਲੋਂ ਚਲਾਏ ਜਾ ਰਹੇ ਦਵਾਰਕਾ ਦੇ ਸੈਕਟਰ-10 ਸਥਿਤ ਰਾਜਕੀਯ ਪ੍ਰਤਿਭਾ ਵਿਕਾਸ ਸਕੂਲ ਨੇ ਪਹਿਲਾ ਸਥਾਨ ਅਤੇ ਯਮੁਨਾ ਵਿਹਾਰ ਸਥਿਤ ਰਾਜਕੀਯ ਪ੍ਰਤਿਭਾ ਵਿਕਾਸ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਈ.ਡਬਲਿਊ. ਅਧਿਆਪਕਾਂ ਅਤੇ ਮਾਪਿਆਂ ਲਈ ਇਕ ਪੋਰਟਲ ਹੈ, ਜੋ ਹਰ ਸਾਲ ਸਕੂਲਾਂ ਦੀ ਰੈਂਕਿੰਗ ਜਾਰੀ ਕਰਦਾ ਹੈ। ਕੇਜਰੀਵਾਲ ਨੇ ਦੱਸਿਆ ਕਿ ਟਾਪ 10 'ਚ ਦਿੱਲੀ ਦੇ 5 ਸਕੂਲ ਹਨ। ਉਨ੍ਹਾਂ ਨੇ ਦਿੱਲੀ ਸਰਕਾਰ ਦੀ ਸਿੱਖਿਆ ਟੀਮ ਨੂੰ ਵਧਾਈ ਦਿੰਦਿਆਂ ਇਸ ਨੂੰ ਇਕ ‘ਸ਼ਾਨਦਾਰ ਉਪਲੱਬਧੀ’ ਦੱਸਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ