ਨੂੰਹ-ਸਹੁਰੇ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਖ਼ੁਸ਼ਹਾਲ ਪਰਿਵਾਰ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

11/16/2020 10:31:45 AM

ਨਵੀਂ ਦਿੱਲੀ- ਦਿੱਲੀ 'ਚ ਦੀਵਾਲੀ ਦੇ ਦਿਨ ਇਕ ਪੁੱਤ ਨੇ ਆਪਣੇ ਪਿਓ ਦੀ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਦੋਸ਼ੀ ਪੁੱਤ ਨੂੰ ਸ਼ੱਕ ਸੀ ਕਿ ਪਤਨੀ ਦੇ ਉਸ ਦੇ ਪਿਓ ਨਾਲ ਨਾਜਾਇਜ਼ ਸੰਬੰਧ ਹਨ। ਇਸ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦਿੱਲੀ ਦੇ ਦਵਾਰਕਾ ਜ਼ਿਲ੍ਹੇ ਦੇ ਉੱਤਰ ਨਗਰ, ਓਮ ਵਿਹਾਰ ਫੇਸ 5 ਇਲਾਕੇ 'ਚ ਦੀਵਾਲੀ ਦੇ ਦਿਨ ਪੁੱਤ ਨੇ ਆਪਣੇ 60 ਸਾਲਾ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦਾ ਕਾਰਨ ਪਤਨੀ ਅਤੇ ਪਿਤਾ ਦਰਮਿਆਨ ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਸ਼ੱਕ ਅਤੇ ਝਗੜਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਬਜ਼ੁਰਗ ਦਾ ਨਾਂ ਦਿਲੀਪ ਸੀ ਅਤੇ ਉਹ ਆਪਣੇ 2 ਪੁੱਤਾਂ ਅਤੇ ਨੂੰਹਾਂ ਨਾਲ ਰਹਿੰਦਾ ਸੀ। ਉੱਥੇ ਹੀ ਉਸ ਦਾ ਪੁੱਤ ਅਵਧੇਸ਼ ਮਜ਼ਦੂਰੀ ਕਰਦਾ ਸੀ ਅਤੇ ਇੰਨੀਂ ਦਿਨੀਂ ਬੇਰੁਜ਼ਗਾਰ ਸੀ।

ਇਹ ਵੀ ਪੜ੍ਹੋ : 15 ਸਾਲਾਂ ਤੋਂ ਲਾਪਤਾ ਸਬ-ਇੰਸਪੈਕਟਰ ਕੂੜੇ 'ਚੋਂ ਰੋਟੀ ਲੱਭ ਕੇ ਖਾਣ ਨੂੰ ਮਜਬੂਰ, ਹਾਲਤ ਵੇਖ ਆਵੇਗਾ ਤਰਸ

ਪੁਲਸ ਅਨੁਸਾਰ ਤਾਂ ਵੱਡੇ ਪੁੱਤ ਅਵਧੇਸ਼ ਨੂੰ ਆਪਣੇ ਪਿਤਾ 'ਤੇ ਪਤਨੀ ਨਾਲ ਨਾਜਾਇਜ਼ ਸੰਬੰਧਾਂ ਦਾ ਸ਼ੱਕ ਸੀ। ਇਸੇ ਗੱਲ ਨੂੰ ਲੈ ਕੇ ਪਿਤਾ ਅਤੇ ਪੁੱਤ 'ਚ ਹਮੇਸ਼ਾ ਝਗੜਾ ਹੁੰਦਾ ਸੀ। ਇਸ ਕਾਰਨ ਕੁਝ ਦਿਨ ਪਹਿਲਾਂ ਹੀ ਵੱਡੇ ਪੁੱਤ ਨੇ ਆਪਣੀ ਪਤਨੀ ਨੂੰ ਪਿੰਡ ਭੇਜ ਦਿੱਤਾ ਸੀ। ਉੱਥੇ ਦੀਵਾਲੀ ਦੇ ਦਿਨ ਛੋਟਾ ਪੁੱਤ ਘਰੋਂ ਬਾਹਰ ਗਿਆ ਹੋਇਆ ਸੀ। ਘਰ 'ਚ ਵੱਡੇ ਪੁੱਤ ਨੇ ਆਪਣੇ ਪਿਤਾ ਨੂੰ ਹਥੌੜੇ ਨਾਲ ਵਾਰ ਕਰ ਕੇ ਜ਼ਖਮੀ ਕਰ ਦਿੱਤਾ। ਜਦੋਂ ਦੋਸ਼ੀ ਪੁੱਤ ਦਾ ਇਸ ਨਾਲ ਵੀ ਦਿਲ ਨਹੀਂ ਭਰਿਆ ਤਾਂ ਉਸ ਨੇ ਚੁੰਨੀ ਨਾਲ ਪਿਤਾ ਦਾ ਗਲ਼ਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਘਰ ਤਾਲਾ ਲਗਾ ਕੇ ਫਰਾਰ ਹੋ ਗਿਆ। ਉੱਥੇ ਹੀ ਜਦੋਂ ਛੋਟਾ ਪੁੱਤ ਵਾਪਸ ਆਇਆ ਤਾਂ ਉਸ ਨੂੰ ਖੂਨ ਨਾਲ ਲੱਥਪੱਥ ਪਿਤਾ ਦੀ ਲਾਸ਼ ਮਿਲੀ। ਜਿਸ ਤੋਂ ਬਾਅਦ ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿੱਥੇ ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਬਜ਼ੁਰਗ ਦੀ ਲਾਸ਼ ਨੂੰ ਫੋਰੈਂਸਿਕ ਜਾਂਚ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਦੋਸ਼ੀ ਪੁੱਤ ਅਵਧੇਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਕਤਲ 'ਚ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਹਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਭੁੱਖਿਆਂ ਨੂੰ ਰਜਾਉਂਦਾ ਹੈ 'ਬੱਚੂਦਾਦਾ', ਪਿਛਲੇ 40 ਸਾਲਾਂ ਤੋਂ ਚਲਾ ਰਹੇ ਹਨ ਢਾਬਾ (ਤਸਵੀਰਾਂ)


DIsha

Content Editor DIsha