ਦਿੱਲੀ ਦੰਗਾ : ਉਮਰ ਖਾਲਿਦ ਦੀ ਪਰਿਵਾਰ ਵਾਲਿਆਂ ਨੂੰ ਮਿਲਣ ਦੀ ਅਪੀਲ ਵਾਲੀ ਪਟੀਸ਼ਨ ਖਾਰਜ

09/21/2020 4:07:10 PM

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਉਸ ਨੇ ਪੁਲਸ ਹਿਰਾਸਤ ਦੌਰਾਨ ਆਪਣੇ ਪਰਿਵਾਰ ਨੂੰ ਮਿਲਣ ਦੀ ਮਨਜ਼ੂਰੀ ਮੰਗੀ ਸੀ। ਉਮਰ ਨੂੰ ਸਖਤ ਅੱਤਵਾਦ ਵਿਰੋਧੀ ਕਾਨੂੰਨ, ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਤਰ-ਪੂਰਬੀ ਦਿੱਲੀ 'ਚ ਫਰਵਰੀ 'ਚ ਫਿਰਕੂ ਹਿੰਸਾ ਦੀ ਵੱਡੀ ਸਾਜਿਸ਼ ਦੇ ਮਾਮਲੇ 'ਚ ਖਾਲਿਦ 24 ਸਤੰਬਰ ਤੱਕ 10 ਦਿਨਾਂ ਦੀ ਪੁਲਸ ਹਿਰਾਸਤ 'ਚ ਹੈ। ਉਸ ਨੂੰ 13 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਗਲੇ ਦਿਨ ਅਦਾਲਤ ਨੇ ਪੁੱਛ-ਗਿੱਛ ਲਈ ਉਸ ਨੂੰ ਪੁਲਸ ਨੂੰ ਸੌਂਪਦੇ ਹੋਏ ਕਿਹਾ ਸੀ ਕਿ ਇਹ ਪੁਲਸ ਹਿਰਾਸਤ ਦਾ ਉੱਚਿਤ ਮਾਮਲਾ ਹੈ।

ਪੁਲਸ ਨੇ ਕਿਹਾ ਸੀ ਕਿ ਉਹ ਇਸ ਮਾਮਲੇ 'ਚ 11 ਲੱਖ ਪੰਨਿਆਂ ਵਾਲੇ ਦਸਤਾਵੇਜ਼ ਤੋਂ ਉਸ ਦਾ ਸਾਹਮਣਾ ਕਰਵਾਉਣਾ ਚਾਹੁੰਦੀ ਹੈ। ਐਡੀਸ਼ਨਲ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਪਰਿਵਾਰ ਨਾਲ ਮੁਲਾਕਾਤ ਸੰਬੰਧੀ ਉਸ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਵਿਚਾਰ ਯੋਗ ਨਹੀਂ ਹੈ। ਜੱਜ ਨੇ 19 ਸਤੰਬਰ ਨੂੰ ਆਪਣੇ ਆਦੇਸ਼ 'ਚ ਕਿਹਾ,''ਤੱਥਾਂ ਨੂੰ ਪੂਰਨਤਾ 'ਚ ਦੇਖਦੇ ਹੋਏ ਅਤੇ ਮਾਮਲੇ ਦੀਆਂ ਸਥਿਤੀਆਂ 'ਤੇ ਧਿਆਨ ਕਰਨ ਤੋਂ ਬਾਅਦ ਮੈਨੂੰ ਇਹ ਅਰਜ਼ੀ ਵਿਚਾਰ ਯੋਗ ਨਜ਼ਰ ਨਹੀਂ ਆਉਂਦਾ ਅਤੇ ਪਟੀਸ਼ਨ ਨੂੰ ਖਾਰਜ ਕੀਤਾ ਜਾਂਦਾ ਹੈ।'' ਆਪਣੇ ਵਕੀਲ ਰਾਹੀਂ ਦਾਇਰ ਪਟੀਸ਼ਨ 'ਚ ਖਾਲਿਦ ਨੇ ਕਿਹਾ ਸੀ ਕਿ ਹਿਰਾਸਤ 'ਚ ਲਏ ਜਾਣ ਦੌਰਾਨ ਪੁਲਸ ਵਲੋਂ ਜ਼ੁਬਾਨੀ ਰੂਪ ਨਾਲ ਭਰੋਸਾ ਦਿੱਤਾ ਸੀ ਕਿ ਉਸ ਨੂੰ ਪਰਿਵਾਰ ਨੂੰ ਮਿਲਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਪਰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ।


DIsha

Content Editor

Related News