ਦਿੱਲੀ : ਕੱਲ੍ਹ ਤੋਂ ਮਿਲੇਗਾ BS-VI ਪੈਟਰੋਲ ਤੇ ਡੀਜ਼ਲ, ਮਿਲੇਗਾ ਇਹ ਫਾਇਦਾ

Sunday, Apr 01, 2018 - 09:34 AM (IST)

ਨਵੀਂ ਦਿੱਲੀ — ਦਿੱਲੀ ਵਿਚ 1 ਅਪਰੈਲ ਤੋਂ  ਯੂਰੋ BS-VI  ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਸ਼ੁਰੂ ਹੋ ਜਾਵੇਗੀ। BS-VI ਮਿਆਰ ਵਾਲੇ ਪੈਟਰੋਲ ਅਤੇ ਡੀਜ਼ਲ ਨਾਲ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਘੱਟ ਹੋਣ 'ਚ ਸਹਾਇਤਾ ਮਿਲੇਗੀ। ਰਾਜਧਾਨੀ ਤੇ ਆਸ-ਪਾਸ ਦੇ ਇਲਾਕਿਆਂ 'ਚ ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਤੱਕ ਪੁੱਜਣ ਦੀ ਚੁਣੌਤੀ ਨਾਲ ਨਜਿੱਠਣ ਲਈ ਜਨਤਕ ਖੇਤਰ ਦੀਆਂ ਤੇਲ ਵੰਡ ਕੰਪਨੀਆਂ 1 ਅਪ੍ਰੈਲ ਤੋਂ ਰਾਜਧਾਨੀ ਵਿਚ ਯੂਰੋ-6 ਸਟੈਂਡਰਡ ਦੇ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਸ਼ੁਰੂ ਕਰ ਦੇਣਗੀਆਂ। ਕੰਪਨੀਆਂ ਇਸ ਲਈ ਕੋਈ ਵਾਧੂ ਕੀਮਤ ਨਹੀਂ ਵਸੂਲਣਗੀਆਂ। ਦਿੱਲੀ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੋਵੇਗਾ, ਜਿਥੇ ਯੂਰੋ-4 ਸਟੈਂਡਰਡ ਈਂਧਨ ਦੀ ਵਰਤੋਂ ਬੰਦ ਕਰ ਕੇ ਸਿੱਧੇ ਯੂਰੋ-6 ਸਟੈਂਡਰਡ ਈਂਧਨ ਨੂੰ ਵਰਤੋਂ 'ਚ ਲਿਆਂਦਾ ਜਾਵੇਗਾ।  
ਰਾਸ਼ਟਰੀ ਰਾਜਧਾਨੀ ਖੇਤਰ 'ਚ ਸਥਿਤ ਹੋਰ ਸ਼ਹਿਰਾਂ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਤੋਂ ਇਲਾਵਾ ਮੁੰਬਈ, ਚੇਨਈ, ਬੈਂਗਲੁਰੂ, ਹੈਦਰਾਬਾਦ ਤੇ ਪੁਣੇ ਸਮੇਤ 13 ਪ੍ਰਮੁੱਖ ਸ਼ਹਿਰਾਂ 'ਚ ਯੂਰੋ-6 ਸਟੈਂਡਰਡ ਈਂਧਨ ਦੀ ਸਪਲਾਈ ਅਗਲੇ ਸਾਲ 1 ਜਨਵਰੀ ਤੋਂ ਸ਼ੁਰੂ ਹੋਵੇਗੀ। ਦੇਸ਼ ਦੇ ਬਾਕੀ ਹਿੱਸਿਆਂ 'ਚ ਇਹ ਅਪ੍ਰੈਲ, 2020 ਤੋਂ ਸ਼ੁਰੂ ਹੋਵੇਗਾ। ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੇ ਨਿਰਦੇਸ਼ਕ (ਰਿਫਾਈਨਰੀ) ਬੀ. ਵੀ. ਰਾਮਗੋਪਾਲ ਨੇ ਕਿਹਾ ਕਿ ਜਨਤਕ ਤੇਲ ਵੰਡ ਕੰਪਨੀਆਂ ਆਈ. ਓ. ਸੀ., ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੋਸਤਾਨ ਪੈਟਰੋਲੀਅਮ ਲਿਮਟਿਡ ਕੱਲ ਤੋਂ ਦਿੱਲੀ ਦੇ ਆਪਣੇ ਸਾਰੇ 391 ਪੈਟਰੋਲ ਪੰਪਾਂ 'ਤੇ ਯੂਰੋ-6 ਨਿਕਾਸੀ ਸਟੈਂਡਰਡ ਵਾਲੇ ਈਂਧਨ ਦੀ ਸਪਲਾਈ ਸ਼ੁਰੂ ਕਰ ਦੇਣਗੀਆਂ।

ਵਧ ਰਹੇ ਪ੍ਰਦੂਸ਼ਣ ਵਿਚ ਕਮੀ ਆਵੇਗੀ
ਇਸ ਤੋਂ ਪਹਿਲਾਂ ਸਰਕਾਰ ਨੇ ਫੈਸਲਾ ਕੀਤਾ ਸੀ ਕਿ BS-VI  ਈਂਧਨ ਨੂੰ ਸਾਲ 2020 ਵਿਚ ਲਿਆਉਂਦਾ ਜਾਵੇਗਾ। ਪਰ ਪਿਛਲੇ ਦਿਨੀਂ ਪੈਟਰੋਲੀਅਮ ਮੰਤਰਾਲੇ ਵਲੋਂ ਦਿੱਲੀ ਵਿਚ ਪਿਛਲੇ ਕੁਝ ਸਾਲਾਂ ਤੋਂ ਪ੍ਰਦੂਸ਼ਣ ਅਤੇ ਸਮੋਗ ਦੀ ਵਧ ਰਹੀ ਸਮੱਸਿਆ ਤੋਂ ਬਾਅਦ BS-VI  ਨੂੰ ਦਿੱਲੀ ਵਿਚ ਜਲਦੀ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਗਿਆ। ਪੈਟਰੋਲੀਅਮ ਮੰਤਰਾਲੇ ਦੇ ਇਸ ਫੈਸਲੇ ਤੋਂ ਬਾਅਦ ਈਂਧਨ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਿਆ ਕੇ ਦਿੱਲੀ ਦੀਆਂ ਸੜਕਾਂ 'ਤੇ ਚਲਣ ਵਾਲੇ ਵਾਹਨਾਂ ਵਲੋਂ ਕੀਤੇ ਜਾ ਰਹੇ ਪ੍ਰਦੂਸ਼ਣ 'ਚ ਕਮੀ ਲਿਆਂਦੀ ਜਾਵੇਗੀ।
ਐੱਨ.ਸੀ.ਆਰ. ਦੇ ਹੋਰ ਸ਼ਹਿਰਾਂ ਵਿਚ ਵੀ ਲਾਗੂ ਹੋਵੇਗਾ
ਇਸ ਤੋਂ ਇਲਾਵਾ ਪੈਟਰੋਲੀਅਮ ਮੰਤਰਾਲੇ ਦਾ ਟੀਚਾ ਹੈ ਕਿ 1 ਅਪਰੈਲ 2019 ਤੋਂ ਇਸ ਨੂੰ ਐੱਨ.ਸੀ.ਆਰ. ਦੇ ਹੋਰ ਸ਼ਹਿਰਾਂ ਵਿਚ ਵੀ ਲਾਗੁ ਕੀਤਾ ਜਾਵੇ। ਇਸ ਤੋਂ ਬਾਅਦ ਇਸ ਨੂੰ ਦੇਸ਼ ਦੇ ਹੋਰ ਸ਼ਹਿਰਾਂ ਵਿਚ ਵੀ ਮੁਹੱਈਆ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ਦੇ ਪੱਧਰ ਵਿਚ ਕਮੀ ਲਿਆਉਣ ਦੇ ਮਕਸਦ ਨਾਲ 1 ਅਪਰੈਲ 2017 ਤੋਂ ਸੁਪਰੀਮ ਕੋਰਟ ਨੇ ਵਾਹਨ ਨਿਰਮਾਤਾ ਕੰਪਨੀਆਂ ਦੇ ਬੀ.ਐੱਸ.-3 ਵਾਹਨਾਂ ਦੀ ਵਿਕਰੀ 'ਤੇ ਪਾਬੰਧੀ ਲਗਾ ਦਿੱਤੀ ਸੀ।
ਸੁਪਰੀਮ ਕੋਰਟ ਨੇ ਦਿੱਤੀ ਸੀ ਖਾਸ ਸਲਾਹ
ਹੁਣੇ ਜਿਹੇ ਦੇਸ਼ ਵਿਚ ਪ੍ਰਦੂਸ਼ਣ ਦੇ ਵਧ ਰਹੇ ਪੱਧਰ ਨੂੰ ਕਾਬੂ ਕਰਨ ਲਈ ਸੁਪਰੀਮ ਕੋਰਟ ਨੇ ਸਰਕਾਰ ਨੂੰ ਡੀਜ਼ਲ ਦੇ ਭਾਅ ਵਧਾਉਣ 'ਤੇ ਵਿਚਾਰ ਕਰਨ ਲਈ ਵੀ ਕਿਹਾ ਸੀ। ਦਿੱਲੀ-ਐੱਨ.ਸੀ.ਆਰ. ਤੋਂ ਇਲਾਵਾ ਦੇਸ਼ ਦੇ ਹੋਰ ਵੀ ਕਈ ਸ਼ਹਿਰਾਂ ਵਿਚ ਹਵਾ ਦਾ ਪੱਧਰ ਖਰਾਬ ਹੁੰਦਾ ਜਾ ਰਿਹਾ ਹੈ। ਪ੍ਰਦੂਸ਼ਣ ਨੂੰ ਕਾਬੁ ਕਰਨ ਲਈ ਸੁਪਰੀਮ ਕੋਰਟ ਨੇ ਇਹ ਸਲਾਹ ਦਿੱਤੀ ਸੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਬੀ.ਐੱਸ.-6 ਫਿਊਲ ਨੂੰ ਅਪਰੈਲ 2019 ਤੱਕ 13 ਮੈਟਰੋ ਸ਼ਹਿਰਾਂ ਪਹੁੰਚਾਉਣ ਦੀ ਤਜਵੀਜ਼ ਕੀਤੀ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਬਾਰੇ ਕੇਂਦਰ ਸਰਕਾਰ ਅਤੇ ਆਇਲ ਮਾਰਕੀਟਿੰਗ ਕੰਪਨੀਆਂ ਚਰਚਾ ਕਰ ਸਕਦੀਆਂ ਹਨ।


Related News