ਟੀ-3 ਦਾ ਅਜੇ ਤਾਂ ਹਾਲ ਹੈ ਠੀਕ, ਕ੍ਰਿਸਮਸ ਅਤੇ ਨਿਊ ਈਅਰ ਬਣੇਗਾ ਮੁਸੀਬਤ
Tuesday, Dec 20, 2022 - 04:36 PM (IST)
ਨਵੀਂ ਦਿੱਲੀ- ਅਜੇ ਤਾਂ ਹਾਲਾਤ ਸੁਧਰ ਗਏ ਹਨ ਪਰ ਕ੍ਰਿਸਮਸ ਨੇੜੇ ਹੈ। ਅਗਲੇ ਇਕ ਤੋਂ ਦੋ ਦਿਨਾਂ ਵਿਚ ਕ੍ਰਿਸਮਸ ਦੇ ਮੌਕੇ ’ਤੇ ਛੁੱਟੀਆਂ ਮਨਾਉਣ ਵਾਲੇ ਯਾਤਰੀਆਂ ਦੀ ਭੀੜ ਹਵਾਈ ਅੱਡੇ ’ਤੇ ਲੱਗਣ ਵਾਲੀ ਹੈ। ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਆਈ. ਜੀ. ਆਈ. ਹਵਾਈ ਅੱਡੇ ’ਤੇ ਯਾਤਰੀਆਂ ਨੇ ਭੀੜ ਕਾਰਨ ਘੰਟਿਆਂਬੱਧੀ ਕਤਾਰਾਂ ’ਚ ਲੱਗੇ ਰਹਿਣ ਅਤੇ ਬੋਰਡਿੰਗ ’ਚ ਦੇਰੀ ਹੋਣ ’ਤੇ ਸੋਸ਼ਲ ਮੀਡੀਆ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ ਸੀ। ਸਥਿਤੀ ਇਹ ਹੋ ਗਈ ਸੀ ਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਖੁਦ ਨਿਰੀਖਣ ਲਈ ਆਉਣਾ ਪਿਆ ਅਤੇ ਉਨ੍ਹਾਂ ਦੇ ਦਖਲ ਤੋਂ ਬਾਅਦ ਸਥਿਤੀ ਆਮ ਵਾਂਗ ਹੋਈ।
ਅੰਦਾਜ਼ਾ ਹੈ ਕਿ ਅਗਲੇ 10 ਦਿਨਾਂ ’ਚ ਤਿਨਾਂ ਟਰਮੀਨਲ ’ਤੇ ਆਮ ਨਾਲੋਂ ਲਗਭਗ 50 ਤੋਂ 55 ਹਜ਼ਾਰ ਯਾਤਰੀ ਰੋਜ਼ਾਨਾ ਯਾਤਰਾ ਲਈ ਪਹੁੰਚ ਸਕਦੇ ਹਨ। ਇਸ ਦੇ ਮੱਦੇਨਜ਼ਰ ਇਸ ਵਾਰ ਪਹਿਲਾਂ ਆਈਆਂ ਮੁਸ਼ਕਲਾਂ ਨੂੰ ਦੂਰ ਰੱਖਣ ਲਈ ਏਅਰਪੋਰਟ ਆਪ੍ਰੇਟਰ ਦੇ ਨਾਲ-ਨਾਲ ਸਾਰੀਆਂ ਏਜੰਸੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਮੁੱਖ ਤੌਰ ’ਤੇ ਅੰਤਰਰਾਸ਼ਟਰੀ ਟਰਮੀਨਲ 3 (ਟੀ-3) ’ਤੇ ਭੀੜ ਨੂੰ ਘੱਟ ਕਰਨ ਲਈ ਲੋੜੀਂਦੇ ਸਰੋਤਾਂ ’ਚ ਵਾਧਾ ਕੀਤਾ ਜਾ ਰਿਹਾ ਹੈ। ਮੁੱਖ ਤੌਰ ’ਤੇ ਸੁਰੱਖਿਆ ਜਾਂਚ ਲਈ ਲੱਗਣ ਵਾਲੀਆਂ ਕਤਾਰਾਂ ਨੂੰ ਘੱਟ ਕਰਨ ਲਈ ਵਾਧੂ ਐਕਸ-ਰੇ ਮਸ਼ੀਨਾਂ ਸਥਾਪਤ ਕਰਨ ਦੀ ਤਿਆਰੀ ਹੈ, ਤਾਂ ਕਿ ਇਕ ਸਮੇਂ ’ਚ ਵੱਧ ਤੋਂ ਵੱਧ ਯਾਤਰੀਆਂ ਨੂੰ ਸੰਭਾਲਿਆ ਜਾ ਸਕੇ।
ਟੀ-3 ’ਤੇ ਭੀੜ ਘੱਟ ਕਰਨ ਲਈ ਪੀਕ ਆਵਰਜ਼ ਦੀਆਂ 6 ਫਲਾਈਟਾਂ ਨੂੰ ਟੀ-3 ਤੋਂ ਟੀ-2 ਅਤੇ ਟੀ-1 ’ਤੇ ਸ਼ਿਫਟ ਕੀਤਾ ਗਿਆ ਹੈ। ਉਦੋਂ ਤੋਂ ਸਵੇਰ ਦੇ ਸਮੇਂ ਟੀ-3 ’ਤੇ ਲੱਗਣ ਵਾਲੀਆਂ ਕਤਾਰਾਂ ਤੋਂ ਕੁਝ ਰਾਹਤ ਮਿਲੀ ਹੈ। ਇਸ ਸ਼ਿਫ਼ਟਿੰਗ ਕਰਨ ਦੀ ਪ੍ਰਕਿਰਿਆ ਦੇ ਨਾਲ ਹੀ ਘਰੇਲੂ ਟਰਮੀਨਲ 1 ਅਤੇ 2 ’ਤੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਐਡਵਾਂਸ ਲੱਗੇਜ ਐਕਸ-ਰੇ ਮਸ਼ੀਨਾਂ ਦੀ ਲੋੜ
ਦਿੱਲੀ ਹਵਾਈ ਅੱਡਾ ਭਾਵੇਂ ਦੁਨੀਆ ਦੇ ਚੋਟੀ ਦੇ 50 ਹਵਾਈ ਅੱਡਿਆਂ ’ਚ ਸ਼ਾਮਲ ਹੋ ਚੁੱਕਾ ਹੈ ਪਰ ਅਜੇ ਵੀ ਕਈ ਮਾਮਲਿਆਂ ’ਚ ਇੱਥੇ ਅਮਰੀਕੀ ਅਤੇ ਯੂਰਪੀ ਦੇਸ਼ਾਂ ਦੇ ਹਾਈਟੈੱਕ ਹਵਾਈ ਅੱਡਿਆਂ ਵਰਗੀਆਂ ਸਹੂਲਤਾਂ ਨਹੀਂ ਹਨ। ਇਸ ’ਚ ਲੱਗੇਜ ਦੀ ਜਾਂਚ ਕਰਨ ਵਾਲੀਆਂ ਐਕਸ-ਰੇ ਮਸ਼ੀਨਾਂ ਅਤੇ ਯਾਤਰੀਆਂ ਦੀ ਜਾਂਚ ਕਰਨ ਵਾਲੇ ਫੁੱਲ ਬਾਡੀ ਸਕੈਨਰ ਸ਼ਾਮਲ ਹਨ।
ਟੀ-1 ਦੇ ਐਕਸਪੈਂਸ਼ਨ ਤੱਕ ਬਣੀ ਰਹੇਗੀ ਸਮੱਸਿਆ
ਆਈ. ਜੀ. ਆਈ. ਏਅਰਪੋਰਟ ਐਕਸਪੈਂਸ਼ਨ ਪਲਾਨ ਫੇਜ਼-3 ਦਾ ਕੰਮ ਅਜੇ ਵੀ ਚੱਲ ਰਿਹਾ ਹੈ, ਜਿਸ ਕਾਰਨ ਟਰਮੀਨਲ ਦੇ ਇਕ ਵੱਡੇ ਹਿੱਸੇ ਨੂੰ ਉਸਾਰੀ ਦੇ ਕੰਮਾਂ ਕਾਰਨ ਬੰਦ ਰੱਖਿਆ ਗਿਆ ਹੈ। ਜਦੋਂ ਤੱਕ ਟੀ-1 ਦੇ ਐਕਸਪੈਂਸ਼ਨ ਦਾ ਕੰਮ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਯਾਤਰੀਆਂ ਦੀ ਭੀੜ ਦੀ ਸਮੱਸਿਆ ਪੂਰੀ ਤਰ੍ਹਾਂ ਖਤਮ ਨਹੀਂ ਹੋਵੇਗੀ। ਹਾਲਾਂਕਿ ਟੀ-3 ’ਚ ਪੰਜ ਐਕਸਰੇ ਮਸ਼ੀਨਾਂ ਵਧਾਉਣ ਦਾ ਫਾਇਦਾ ਨਜ਼ਰ ਆਉਣ ਲੱਗਾ ਹੈ।