ਦਿੱਲੀ ਦੀ ਹਵਾ ਗੁਣਵੱਤਾ ''ਬੇਹੱਦ ਗੰਭੀਰ'' ਸ਼੍ਰੇਣੀ ''ਚ ਪਹੁੰਚਣ ਦੀ ਕਗਾਰ ''ਤੇ, ਓਡ-ਈਵਨ ਯੋਜਨਾ ਹੋ ਸਕਦੀ ਹੈ ਲਾਗੂ
Friday, Nov 17, 2023 - 10:28 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜ ਕੇ ਸ਼ੁੱਕਰਵਾਰ ਨੂੰ 'ਗੰਭੀਰ' ਤੋਂ 'ਬਹੁਤ ਗੰਭੀਰ' ਸ਼੍ਰੇਣੀ ਦੀ ਕਗਾਰ 'ਤੇ ਪਹੁੰਚ ਗਈ। ਅਜਿਹੇ 'ਚ ਰਾਸ਼ਟਰੀ ਰਾਜਧਾਨੀ 'ਚ ਓਡ-ਈਵਨ ਯੋਜਨਾ ਲਾਗੂ ਕੀਤੀ ਜਾ ਸਕਦੀ ਹੈ। ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਸ਼ੁੱਕਰਵਾਰ ਨੂੰ ਸਵੇਰੇ 7 ਵਜੇ 437 ਸੀ, ਜਦੋਂ ਕਿ ਵੀਰਵਾਰ ਨੂੰ ਸ਼ਾਮ 4 ਵਜੇ ਇਹ 419 ਸੀ। ਰਾਸ਼ਟਰੀ ਰਾਜਧਾਨੀ ਦੀ 24 ਘੰਟੇ ਦੀ ਔਸਤ AQI, ਹਰ ਰੋਜ਼ ਚਾਰ ਵਜੇ ਦਰਜ ਕੀਤੀ ਗਈ, ਬੁੱਧਵਾਰ ਨੂੰ 401, ਮੰਗਲਵਾਰ ਨੂੰ 397, ਸੋਮਵਾਰ ਨੂੰ 358, ਐਤਵਾਰ ਨੂੰ 218, ਸ਼ਨੀਵਾਰ ਨੂੰ 220 ਅਤੇ ਸ਼ੁੱਕਰਵਾਰ ਨੂੰ 279 ਸੀ। ਪਿਛਲੇ ਹਫ਼ਤੇ ਦੇ ਅੰਤ ਵਿਚ ਹਵਾ ਦੀ ਮੁਕਾਬਲਤਨ ਚੰਗੀ ਗੁਣਵੱਤਾ ਦਾ ਸਿਹਰਾ ਬਾਰਿਸ਼ ਨੂੰ ਜਾਂਦਾ ਹੈ ਪਰ ਉਸ ਤੋਂ ਬਾਅਦ ਦੇ ਦਿਨਾਂ 'ਚ ਦੀਵਾਲੀ ਦੀ ਰਾਤ ਨੂੰ ਭਾਰੀ ਆਤਿਸ਼ਬਾਜ਼ੀ ਅਤੇ ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ਦੀਆਂ ਵਧਦੀਆਂ ਘਟਨਾਵਾਂ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ। ਹਵਾ ਪ੍ਰਦੂਸ਼ਣ ਵਿਚ ਵਾਧਾ ਵੀ ਅਣਉਚਿਤ ਮੌਸਮ ਕਾਰਨ ਹੋਇਆ ਹੈ, ਖਾਸ ਕਰਕੇ ਸ਼ਾਂਤ ਹਵਾ ਅਤੇ ਘੱਟ ਤਾਪਮਾਨ ਕਾਰਨ ਪ੍ਰਦੂਸ਼ਕਾਂ ਨੂੰ ਖਿੰਡਾਇਆ ਨਹੀਂ ਜਾ ਸਕਿਆ। ਗਾਜ਼ੀਆਬਾਦ ਵਿਚ AQI 374, ਗੁਰੂਗ੍ਰਾਮ ਵਿੱਚ 404, ਗ੍ਰੇਟਰ ਨੋਇਡਾ ਵਿੱਚ 313, ਨੋਇਡਾ ਵਿੱਚ 366 ਅਤੇ ਫਰੀਦਾਬਾਦ ਵਿੱਚ AQI 415 ਦਰਜ ਕੀਤਾ ਗਿਆ।
ਜ਼ੀਰੋ ਅਤੇ 50 ਦਰਮਿਆਨ ਏ.ਕਿਊ.ਆਈ. 'ਚੰਗਾ', 51 ਤੋਂ 100 'ਸੰਤੋਸ਼ਜਨਕ', 101 ਤੋਂ 200 'ਮੱਧਮ', 201 ਤੋਂ 300 'ਖ਼ਰਾਬ', 301 ਤੋਂ 400 'ਬਹੁਤ ਖ਼ਰਾਬ', 401 ਤੋਂ 450 ਨੂੰ 'ਗੰਭੀਰ' ਅਤੇ 450 ਤੋਂ ਉੱਪਰ 'ਬੇਹੱਦ ਗੰਭੀਰ' ਮੰਨਿਆ ਜਾਂਦਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਸੀ ਕਿ ਜੇਕਰ AQI 450 ਨੂੰ ਪਾਰ ਕਰਦਾ ਹੈ ਤਾਂ ਓਡ-ਈਵਨ ਸਕੀਮ ਲਾਗੂ ਕੀਤੀ ਜਾ ਸਕਦੀ ਹੈ। ਇਹ ਸਕੀਮ 2016 ਤੋਂ ਹੁਣ ਤੱਕ ਚਾਰ ਵਾਰ ਲਾਗੂ ਕੀਤੀ ਜਾ ਚੁੱਕੀ ਹੈ। ਇਹ ਸਕੀਮ ਆਖ਼ਰੀ ਵਾਰ 2019 ਵਿਚ ਲਾਗੂ ਕੀਤੀ ਗਈ ਸੀ। ਹਵਾ ਦੀ ਗੁਣਵੱਤਾ ਵਿਚ ਮਹੱਤਵਪੂਰਨ ਸੁਧਾਰ ਤੋਂ ਬਾਅਦ ਸਰਕਾਰ ਨੇ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਇਸ ਯੋਜਨਾ ਨੂੰ ਲਾਗੂ ਕਰਨ ਨੂੰ ਮੁਲਤਵੀ ਕਰ ਦਿੱਤਾ ਸੀ। ਹਾਲ ਹੀ ਵਿਚ, ਦਿੱਲੀ ਸਰਕਾਰ ਅਤੇ ਆਈਆਈਟੀ-ਕਾਨਪੁਰ ਦੇ ਸਾਂਝੇ ਅਧਿਐਨ ਵਿਚ ਪਾਇਆ ਗਿਆ ਕਿ ਰਾਜਧਾਨੀ ਦੇ ਹਵਾ ਪ੍ਰਦੂਸ਼ਣ ਵਿਚ ਵਾਹਨਾਂ ਦੇ ਧੂੰਏਂ ਦਾ ਯੋਗਦਾਨ ਬੁੱਧਵਾਰ ਨੂੰ 38 ਫ਼ੀਸਦੀ ਸੀ, ਜੋ ਵੀਰਵਾਰ ਨੂੰ ਘੱਟ ਕੇ 25 ਫ਼ੀਸਦੀ ਰਹਿ ਗਿਆ। ਭਾਰਤੀ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ਾਂਤ ਹਵਾਵਾਂ ਅਤੇ ਘੱਟ ਤਾਪਮਾਨ ਪ੍ਰਦੂਸ਼ਕਾਂ ਨੂੰ ਫੈਲਣ ਨਹੀਂ ਦੇ ਰਹੇ ਹਨ ਅਤੇ ਅਗਲੇ ਕੁਝ ਦਿਨਾਂ ਤੱਕ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ 21 ਨਵੰਬਰ ਤੋਂ ਹਵਾ ਦੀ ਰਫ਼ਤਾਰ ਵਿਚ ਸੁਧਾਰ ਹੋਣ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਘੱਟ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8